ਅਬੋਹਰ, 19 ਨਵੰਬਰ (ਵਿਵੇਕ ਹੂੜੀਆ)-ਕਿਸਾਨ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦਾ ਸਾਰਥਿਕ ਤਰੀਕੇ ਨਾਲ ਨਿਬੇੜਾ ਕਰਨ, ਦੇ ਉਦੇਸ਼ ਤਹਿਤ ਅਧਿਕਾਰੀ ਕਿਸਾਨ ਵੀਰਾਂ ਤੱਕ ਪਹੁੰਚ ਕਰਕੇ ਪ੍ਰੇਰਿਤ ਕਰ ਰਹੇ ਹਨ | ਮੁੱਖ ਖੇਤੀਬਾੜੀ ਅਫ਼ਸਰ ਸ੍ਰੀਮਤੀ ਹਰਪ੍ਰੀਤ ਪਾਲ ਕੌਰ ਨੇ ਉਨ੍ਹਾਂ ਪਿੰਡ ਬੁਰਜ ਮੁਹਾਰ, ਝੂਮਿਆ ਵਾਲੀ, ਰੁਹੇੜੀਆਂ ਵਾਲੀ, ਤਾਜ਼ਾ ਪੱਟੀ, ਗੋਬਿੰਦਗੜ੍ਹ, ਚੰਨਣ ਖੇੜਾ, ਬੱਲੂਆਣਾ, ਕੇਰਾ ਖੇੜਾ, ਮਲੂਕਪੁਰਾ, ਢਾਬਾ ਕੋਕਰੀਆਂ, ਜੋਧਪੁਰ ਆਦਿ ਦਾ ਦੌਰਾ ਕਰਦਿਆਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕੀਤਾ | ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਕਲਸਟਰ ਅਫ਼ਸਰ, ਨੋਡਲ ਅਫ਼ਸਰ ਤੇ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਲਗਾਤਾਰ ਪਿੰਡਾਂ ਦਾ ਦੌਰਾ ਕਰ ਕਿਸਾਨਾਂ ਨਾਲ ਤਾਲਮੇਲ ਬਣਾ ਕੇ ਪਰਾਲੀ ਨਾ ਸਾੜਨ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਪਰਾਲੀ ਦੇ ਸਹੀ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ | ਇਸ ਤੋਂ ਇਲਾਵਾ ਪਰਾਲੀ ਸਾੜਨ ਦੇ ਨੁਕਸਾਨਾਂ ਬਾਰੇ ਵੀ ਕਿਸਾਨਾਂ ਨੂੰ ਦੱਸਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਨਾਲ ਸਾਡੀ ਆਬੋ-ਹਵਾ ਦੂਸ਼ਿਤ ਹੁੰਦੀ ਹੈ ਤੇ ਵਾਤਾਵਰਨ ਦੂਸ਼ਿਤ ਹੋਣ ਨਾਲ ਕਈ ਤਰ੍ਹਾਂ ਦੀ ਬਿਮਾਰੀਆਂ ਹੋ ਸਕਦੀਆਂ ਹਨ ਤੇ ਦੁਰਘਟਨਾਵਾਂ ਹੋਣ ਦਾ ਵੀ ਖ਼ਦਸ਼ਾ ਰਹਿੰਦਾ ਹੈ | ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੀ ਨੌਜਵਾਨ ਪੀੜ੍ਹੀ ਨੂੰ ਪਰਾਲੀ ਨਾ ਸਾੜਨ ਦਾ ਸੁਨੇਹਾ ਦੇਈਏ ਤਾਂ ਜੋ ਸਾਡਾ ਵਾਤਾਵਰਨ ਬਿਮਾਰੀਆਂ ਮੁਕਤ ਰਹੇ | ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਅਤੇ ਖੇਤੀਬਾੜੀ ਦੇ ਆਧੁਨਿਕ ਸੰਦਾਂ ਦੀ ਵਰਤੋਂ ਨਾਲ ਇਸ ਦਾ ਸਹੀ ਪ੍ਰਬੰਧਨ ਕਰਕੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਿਆ ਜਾਵੇ ਤਾਂ ਜੋ ਫ਼ਸਲ ਦਾ ਝਾੜ ਵਧੀਆ ਪ੍ਰਾਪਤ ਕੀਤਾ ਜਾ ਸਕੇ | ਇਸ ਮੌਕੇ ਖੇਤੀਬਾੜੀ ਵਿਭਾਗ ਤੋਂ ਸਨਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਵੀ ਮੌਜੂਦ ਸਨ |