ਅਬੋਹਰ, 5 ਨਵੰਬਰ (ਸੁਖਜੀਤ ਸਿੰਘ ਬਰਾੜ)-ਕੇਂਦਰ ਸਰਕਾਰ ਪੰਜਾਬ ਨਾਲ ਕਿਸਾਨੀ ਤੋਂ ਬਾਅਦ ਸਿੱਖਿਆ ਦੇ ਖੇਤਰ 'ਚ ਵੀ ਧੱਕੇਸ਼ਾਹੀ ਕਰ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ ਸ਼ੇਰਗੜ੍ਹ ਨੇ ਕਿਹਾ ਕਿ ਪਹਿਲਾਂ ਕੇਂਦਰ ਦੀ ਭਾਜਪਾ ਸਰਕਾਰ ਨੇ ਕਿਸਾਨੀ ਬਿੱਲ ਲਿਆ ਕੇ ਕਿਸਾਨੀ ਨੂੰ ਵਖਤ ਵਿਚ ਪਾਈ ਰੱਖਿਆ | ਫਿਰ ਕਿਸਾਨਾਂ ਨੇ ਵੱਡੇ ਸੰਘਰਸ਼ ਬਾਅਦ ਮੋਦੀ ਸਰਕਾਰ ਨੂੰ ਆਪਣੇ ਖੇਤੀ ਬਿੱਲ ਵਾਪਸ ਵੀ ਲੈਣੇ ਪਏ ਸੀ | ਹੁਣ ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਭੰਗ ਕਰਕੇ ਪੰਜਾਬੀਆਂ ਨਾਲ ਸ਼ਰੇਆਮ ਧੱਕੇਸ਼ਾਹੀ ਕੀਤੀ ਹੈ | ਪੰਜਾਬ ਯੂਨੀਵਰਸਿਟੀ ਪੰਜਾਬ ਦਾ ਇਕ ਨਾਮੀ ਸਿੱਖਿਆ ਅਦਾਰਾ ਸੀ | ਕੇਂਦਰ ਸਰਕਾਰ ਅਜਿਹਾ ਕਰਕੇ ਪੰਜਾਬ ਯੂਨੀਵਰਸਿਟੀ ਨੂੰ ਸਿੱਧੇ ਤੌਰ 'ਤੇ ਆਪਣੇ ਹੱਥਾਂ 'ਚ ਲੈਣਾ ਚਾਹੁੰਦੀ ਹੈ ਪਰ ਇਹ ਕੇਂਦਰ ਸਰਕਾਰ ਦੀ ਪੰਜਾਬ ਅਤੇ ਪੰਜਾਬੀਅਤ ਪ੍ਰਤੀ ਮਾੜੀ 'ਤੇ ਘਟੀਆ ਸੋਚ ਹੈ | ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਖੋਸਾ ਕੇਂਦਰ ਵਲੋਂ ਪੰਜਾਬ ਯੂਨੀਵਰਸਿਟੀ ਸਬੰਧੀ ਲਏ ਫ਼ੈਸਲੇ ਦੀ ਨਿਖੇਧੀ ਕਰਦੀ ਹੈ ਅਤੇ ਇਹ ਫ਼ੈਸਲਾ ਦਾ ਡਟ ਕੇ ਵਿਰੋਧ ਕਰੇਗੀ | ਜੇਕਰ ਕੇਂਦਰ ਸਰਕਾਰ ਨੇ ਆਪਣੇ ਇਸ ਫ਼ੈਸਲੇ ਨੂੰ ਵਾਪਸ ਨਾ ਲਿਆ ਤਾਂ ਬੀ.ਕੇ.ਯੂ ਖੋਸਾ ਵੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਡਟ ਕੇ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢੇਗੀ |