ਫ਼ਾਜ਼ਿਲਕਾ, 5 ਨਵੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ 'ਚ ਵਧ ਰਹੇ ਡੇਂਗੂ ਦੇ ਮਾਮਲਿਆਂ ਨੂੰ ਦੇਖਦਿਆਂ ਸਮਾਜ ਸੇਵੀ ਸੰਸਥਾ ਸੇਵਾ ਭਾਰਤੀ ਵਲੋਂ ਇਕ ਵਿਸ਼ੇਸ਼ ਉਪਰਾਲਾ ਕਰਦਿਆਂ ਨਗਰ ਕੌਂਸਲ ਨੂੰ ਦੋ ਫੋਗਿੰਗ ਮਸ਼ੀਨਾਂ ਭੇਟ ਕੀਤੀਆਂ | ਸੇਵਾ ਭਾਰਤੀ ਦੇ ਸੂਬਾ ਇਕਾਈ ਵਲੋਂ ਇਹ ਮਸ਼ੀਨਾਂ ਫ਼ਾਜ਼ਿਲਕਾ ਲਈ ਭੇਜੀਆਂ ਗਈਆਂ ਜੋ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆ 'ਚ ਜਾ ਕੇ ਫੋਗਿੰਗ ਕਰਨਗੀਆਂ | ਜਿਸ ਦਾ ਖ਼ਰਚ ਸੇਵਾ ਭਾਰਤੀ ਵਲੋਂ ਚੁੱਕਿਆ ਜਾਵੇਗਾ | ਇਸ ਮੌਕੇ 'ਤੇ ਸੇਵਾ ਭਾਰਤੀ ਦੇ ਪ੍ਰਧਾਨ ਅਮਿੱਤ ਉਪਵੇਜਾ ਨੇ ਦੱਸਿਆ ਕਿ ਫ਼ਾਜ਼ਿਲਕਾ 'ਚ ਡੇਂਗੂ ਦਾ ਪ੍ਰਕੋਪ ਵੱਧ ਗਿਆ ਹੈ | ਹਰ ਘਰ ਵਿਚ ਡੇਂਗੂ ਦੇ ਮਰੀਜ਼ ਦੇਖਣ ਨੂੰ ਮਿਲ ਰਹੇ ਹਨ | ਪਲੇਟਨੈਸ ਦੀ ਕਮੀ ਹੋ ਰਹੀ ਹੈ ਅਤੇ ਹਾਹਾਕਾਰ ਮਚੀ ਹੋਈ ਹੈ | ਜਿਸ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਤਾਂ ਕੰਮ ਕੀਤਾ ਜਾ ਰਿਹਾ ਹੈ ਪਰ ਸੇਵਾ ਭਾਰਤੀ ਇਕ ਜ਼ਿੰਮੇਵਾਰ ਸੰਗਠਨ ਹੋਣ ਦੇ ਪ੍ਰਾਂਤ ਤੋਂ ਇਹ ਦੋ ਮਸ਼ੀਨਾਂ ਭੇਜੀਆਂ ਗਈਆਂ¨ ਉਨ੍ਹਾਂ ਕਿਹਾ ਕਿ ਮਸ਼ੀਨਾਂ ਨੂੰ ਚਲਾਉਣ ਲਈ ਉਨ੍ਹਾਂ ਵਲੋਂ 2 ਵਿਅਕਤੀ ਨਿਯੁਕਤ ਕੀਤੇ ਗਏ ਹਨ | ਜਿਸ ਦਾ ਸਾਰਾ ਖ਼ਰਚ ਸੇਵਾ ਭਾਰਤੀ ਕਰ ਰਹੀ ਹੈ | ਉਨ੍ਹਾਂ ਹੋਰਨਾਂ ਸਮਾਜਸੇਵੀ ਸੰਸਥਾਵਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਸੇਵਾ ਭਾਰਤੀ ਦੇ ਇਸ ਉਪਰਾਲੇ ਵਿਚ ਉਹ ਆਪਣੀ ਮਦਦ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਸੇਵਾ ਭਾਰਤੀ ਇਕ ਅਜਿਹਾ ਸੰਗਠਨ ਹੈ ਕਿ ਉਹ ਮੁਸੀਬਤ ਦੀ ਘੜੀ 'ਚ ਲੋਕਾਂ ਦੀ ਮਦਦ ਕਰਦੇ ਹਨ | ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਜਗਦੀਪ ਅਰੋੜਾ ਨੇ ਕਿਹਾ ਕਿ ਫ਼ਾਜ਼ਿਲਕਾ ਦੀ 1 ਲੱਖ ਦੇ ਕਰੀਬ ਆਬਾਦੀ ਹੈ | ਹਰ ਘਰ ਤੱਕ ਪਹੁੰਚ ਕਰਨਾ ਥੋੜ੍ਹਾ ਔਖਾ ਹੁੰਦਾ ਹੈ | ਬਾਰਸ਼ਾਂ ਅਤੇ ਹੜ੍ਹਾਂ ਕਾਰਨ ਡੇਂਗੂ ਦਾ ਲਾਰਵਾ ਕਈ ਘਰਾਂ ਤੋਂ ਮਿਲਾ ਰਿਹਾ ਹੈ | ਹਰ ਘਰ ਤੱਕ ਪਹੁੰਚ ਕਰਨ ਲਈ ਕਿਸੇ ਸੰਗਠਨ ਦਾ ਨਾਲ ਜੁੜਨਾ ਬਹੁਤ ਜ਼ਰੂਰੀ ਸੀ | ਜਿਸ ਨੂੰ ਲੈ ਕੇ ਉਹ ਸੇਵਾ ਭਾਰਤੀ ਦਾ ਧੰਨਵਾਦ ਕਰਦੇ ਹਨ ਅਤੇ ਇਹ ਇਕ ਚੰਗਾ ਉਪਰਾਲਾ ਹੈ |