ਫ਼ਿਰੋਜਪੁਰ, 5 ਨਵੰਬਰ (ਰਾਕੇਸ਼ ਚਾਵਲਾ)-15ਵੀਂ ਆਲ ਇੰਡੀਆ ਤੀਰ-ਅੰਦਾਜ਼ੀ ਅੰਤਰ-ਰੇਲਵੇ ਚੈਂਪੀਅਨਸ਼ਿਪ ਜੋ 30 ਅਕਤੂਬਰ ਤੋਂ 1 ਨਵੰਬਰ, 2025 ਤੱਕ ਦੱਖਣ ਪੂਰਬੀ ਕੇਂਦਰੀ ਰੇਲਵੇ, ਰਾਏਪੁਰ ਵਿਖੇ ਆਯੋਜਿਤ ਕੀਤੀ ਗਈ ਸੀ | ਜਿਸ ਵਿਚ ਉੱਤਰ ਰੇਲਵੇ ਦੇ ਤੀਰ-ਅੰਦਾਜ਼ਾਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਵੱਖ-ਵੱਖ ਤਗਮੇ ਹਾਸਲ ਕੀਤੇ | ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਡਿਵੀਜ਼ਨ ਦੀ ਜਸਵੀਰ ਕੌਰ ਵਲੋਂ ਕੰਪਾਊਾਡ ਮਹਿਲਾ ਵਰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਕ ਸੋਨ ਤਗਮਾ, ਵਿਅਕਤੀਗਤ ਈਵੈਂਟ ਵਿਚ ਇਕ ਸੋਨ ਤਗਮਾ ਅਤੇ ਮਿਕਸਡ ਪੇ੍ਰਰ ਈਵੈਂਟ ਵਿਚ ਚਾਂਦੀ ਦਾ ਤਗਮਾ ਜਿੱਤਿਆ | ਇਸ ਦੇ ਚੱਲਦੇ ਪਰਵੀਨਾ ਨੇ ਰੈਂਕਿੰਗ ਦੌਰ ਵਿਚ ਚਾਂਦੀ ਦਾ ਤਗਮਾ, ਵਿਅਕਤੀਗਤ ਈਵੈਂਟ ਵਿਚ ਚਾਂਦੀ ਦਾ ਤਗਮਾ ਜਿੱਤਿਆ ਅਤੇ ਸਿਮਰਨਜੋਤ ਸਿੰਘ ਨੇ ਰੈਂਕਿੰਗ ਦੌਰ ਵਿਚ ਕਾਂਸੀ, ਵਿਅਕਤੀਗਤ ਈਵੈਂਟ ਵਿਚ ਕਾਂਸੀ ਦਾ ਤਗਮਾ ਅਤੇ ਮਿਕਸਡ ਪੇ੍ਰਰ ਟੀਮ ਈਵੈਂਟ ਵਿਚ ਚਾਂਦੀ ਦਾ ਤਗਮਾ ਜਿੱਤਿਆ | ਮੁਕਾਬਲਿਆਂ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਉੱਤਰੀ ਰੇਲਵੇ ਦੇ ਤਿੰਨ ਤੀਰ-ਅੰਦਾਜ਼ਾਂ ਨੂੰ ਸੀਨੀਅਰ ਰਾਸ਼ਟਰੀ ਤੀਰ-ਅੰਦਾਜ਼ੀ ਚੈਂਪੀਅਨਸ਼ਿਪ ਲਈ ਚੁਣਿਆ ਗਿਆ ਹੈ | ਜੋ ਕਿ ਦਸੰਬਰ 2025 ਵਿਚ ਹੈਦਰਾਬਾਦ (ਤੇਲੰਗਾਨਾ) ਵਿਚ ਆਯੋਜਿਤ ਕੀਤੀ ਜਾਵੇਗੀ ਅਤੇ ਉਕਤ ਖਿਡਾਰੀ ਭਾਰਤੀ ਰੇਲਵੇ ਦੀ ਨੁਮਾਇੰਦਗੀ ਕਰਨਗੇ | ਰੇਲਵੇ ਮੈਨੇਜਰ ਸੰਜੀਵ ਕੁਮਾਰ ਨੇ ਸਾਰੇ ਜੇਤੂ ਖਿਡਾਰੀਆਂ ਅਤੇ ਸੀਨੀਅਰ ਰਾਸ਼ਟਰੀ ਤੀਰ-ਅੰਦਾਜ਼ੀ ਚੈਂਪੀਅਨਸ਼ਿਪ ਲਈ ਚੁਣੇ ਗਏ ਤੀਰ-ਅੰਦਾਜ਼ਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਦੇ ਮੁਕਾਬਲਿਆਂ ਲਈ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਵੀ ਦਿੱਤੀਆਂ |