ਮੰਡੀ ਅਰਨੀਵਾਲਾ, 21 ਜੁਲਾਈ (ਨਿਸ਼ਾਨ ਸਿੰਘ ਮੋਹਲ਼ਾ)-ਜ਼ਿਲ੍ਹਾ ਫ਼ਾਜ਼ਿਲਕਾ ਦੇ ਸਿੱਖਿਆ ਖੇਤਰ ਵਿਚ ਨਵੀਆਂ ਲਿਖਾਰੀ ਪੀੜ੍ਹੀਆਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਹਰ ਸਾਲ ਪ੍ਰਕਾਸ਼ਿਤ ਕੀਤੀ ਜਾਂਦੀ ਸਾਲਾਨਾ ਪੁਸਤਕ 'ਨਵੀਆਂ ਕਲਮਾਂ ਨਵੀਂ ਉਡਾਣ (ਭਾਗ-60)' ਦਾ ਇਸ ਸਾਲ ਵੀ ਸ਼ਾਨਦਾਰ ਆਗਾਜ਼ ਹੋਇਆ | ਇਹ ਪ੍ਰੋਗਰਾਮ ਪੰਜਾਬੀ ਭਵਨ ਸਰੀ ਕੈਨੇਡਾ ਦੀ ਤਰਫ਼ੋਂ ਆਯੋਜਿਤ ਕੀਤਾ ਗਿਆ | ਇਹ ਪ੍ਰੋਗਰਾਮ ਮਲੋਟ ਵਿਖੇ ਕਰਵਾਇਆ ਗਿਆ | ਜਿਸ 'ਚ ਫ਼ਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੀ ਲਿਖਤ ਨੂੰ ਪ੍ਰਕਾਸ਼ਨ ਲਈ ਚੁਣਿਆ ਗਿਆ | ਇਸ ਮਹੱਤਵਪੂਰਨ ਮੌਕੇ 'ਤੇ ਰੇਡੀਐਂਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਸੁਮਨਪ੍ਰੀਤ ਦੀ ਦੋ ਕਵਿਤਾਵਾਂ 'ਕਿਸਾਨ' ਤੇ 'ਭਿ੍ਸ਼ਟਾਚਾਰ' ਸਾਲਾਨਾ ਪੁਸਤਕ ਵਿਚ ਪ੍ਰਕਾਸ਼ਿਤ ਹੋਣ ਲਈ ਚੁਣੀਆਂ ਗਈਆਂ | ਇਹ ਕਵਿਤਾਵਾਂ ਨਾ ਸਿਰਫ਼ ਸੁਮਨਪ੍ਰੀਤ ਦੀ ਲਿਖਤ-ਕਲਾ ਨੂੰ ਦਰਸਾਉਂਦੀਆਂ ਹਨ, ਸਗੋਂ ਆਮ ਜਨਤਾ ਨਾਲ ਜੁੜੇ ਸੰਵੇਦਨਸ਼ੀਲ ਮਸਲਿਆਂ ਨੂੰ ਵੀ ਉਜਾਗਰ ਕਰਦੀਆਂ ਹਨ | ਇਸ ਪ੍ਰੋਗਰਾਮ ਦੌਰਾਨ ਸੁਮਨਪ੍ਰੀਤ ਦੀ ਗਾਈਡ ਅਧਿਆਪਕਾ ਹਰਦੀਪ ਕੌਰ ਨੂੰ ਵਿਦਿਆਰਥੀਆਂ ਦੀ ਲਿਖਤ-ਕਲਾ ਨੂੰ ਉਤਸ਼ਾਹਿਤ ਕਰਨ ਤੇ ਉਨ੍ਹਾਂ ਦੀ ਮਦਦ ਕਰਨ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਅਧਿਆਪਕਾ ਹਰਦੀਪ ਕੌਰ ਨੇ ਕਿਹਾ ਕਿ ਇਹ ਉਪਲਬਧੀ ਨਾ ਸਿਰਫ਼ ਉਨ੍ਹਾਂ ਲਈ, ਸਗੋਂ ਪੂਰੇ ਸਕੂਲ ਲਈ ਮਾਣ ਦੀ ਗੱਲ ਹੈ | ਸਕੂਲ ਪਿ੍ੰਸੀਪਲ ਮੈਡਮ ਸ਼੍ਰੀਮਤੀ ਨੀਤੀ ਸਿੰਘ ਤੇ ਅਕਾਦਮਿਕ ਮੁਖੀ ਡਾ. ਗੁਰਵੀਨ ਕੌਰ ਵਲੋਂ ਵੀ ਸੁਮਨਪ੍ਰੀਤ ਅਤੇ ਅਧਿਆਪਕਾ ਹਰਦੀਪ ਕੌਰ ਨੂੰ ਇਸ ਉਪਲਬਧੀ 'ਤੇ ਮੁਬਾਰਕਬਾਦ ਦਿੱਤੀ ਗਈ |