ਅਬੋਹਰ, 20 ਜੁਲਾਈ (ਵਿਵੇਕ ਹੂੜੀਆ)-ਅਬੋਹਰ ਦੀ ਅਨੰਦ ਨਗਰੀ ਗਲੀ ਨੰਬਰ 4 ਵਿਚ ਕਾਰ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ਨੇ ਹਿੰਸਕ ਰੂਪ ਲੈ ਲਿਆ | ਘਰ ਦੇ ਸਾਹਮਣੇ ਕਾਰ ਪਾਰਕ ਕਰਨ ਤੋਂ ਇਨਕਾਰ ਕਰਨ 'ਤੇ ਦਰਜਨ ਲੋਕਾਂ ਨੇ ਪੱਥਰ ਬਾਜ਼ੀ ਕੀਤੀ | ਇਸ ਘਟਨਾ ਵਿਚ ਤਿੰਨ ਲੋਕ ਜ਼ਖਮੀ ਹੋ ਗਏ | 65 ਸਾਲਾ ਪੋਹਲਾ ਸਿੰਘ ਨੇ ਦੱਸਿਆ ਕਿ ਉਹ ਰਾਤ 9:30 ਵਜੇ ਆਪਣੇ ਗੇਟ 'ਤੇ ਰੱਸੀ ਲਗਾ ਰਿਹਾ ਸੀ | ਇਸ ਦੌਰਾਨ ਇੱਕ ਗੁਆਂਢੀ ਨੇ ਉਸ ਦੇ ਗੇਟ ਦੇ ਸਾਹਮਣੇ ਕਾਰ ਖੜ੍ਹੀ ਕਰ ਦਿੱਤੀ | ਜਦੋਂ ਉਸ ਨੂੰ ਕਾਰ ਹਟਾਉਣ ਲਈ ਕਿਹਾ ਗਿਆ ਤਾਂ ਗੁਆਂਢੀ ਨੇ ਗਾਲ਼ੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ | ਗੁਆਂਢੀ ਨੇ ਦਰਜਨ ਨੌਜਵਾਨਾਂ ਨੂੰ ਬੁਲਾਇਆ | ਡੰਡਿਆਂ ਨਾਲ ਨੌਜਵਾਨਾਂ ਨੇ ਪੋਹਲਾ ਸਿੰਘ 'ਤੇ ਹਮਲਾ ਕਰ ਦਿੱਤਾ | ਉਸ ਨੂੰ ਬਚਾਉਣ ਲਈ ਆਏ ਉਸ ਦੇ ਭਰਾ ਸੁਰਿੰਦਰ ਸਿੰਘ ਤੇ ਪੁੱਤਰ ਮਨਜੀਤ ਸਿੰਘ 'ਤੇ ਵੀ ਹਮਲਾ ਕੀਤਾ ਗਿਆ | ਹਮਲਾਵਰਾਂ ਨੇ ਘਰ 'ਤੇ ਇੱਟਾਂ ਨਾਲ ਪੱਥਰ ਵੀ ਸੁੱਟੇ | ਰਾਤ 12 ਵਜੇ ਤੱਕ ਕੁੱਝ ਅਣਪਛਾਤੇ ਨੌਜਵਾਨ ਤੇਜ਼ਧਾਰ ਹਥਿਆਰਾਂ ਨਾਲ ਘਰ ਦੇ ਬਾਹਰ ਘੁੰਮਦੇ ਰਹੇ | ਸੂਚਨਾ ਮਿਲਣ 'ਤੇ ਡੀ.ਐੱਸ.ਪੀ ਬੱਲੂਆਣਾ ਤੇ ਥਾਣਾ ਨੰਬਰ 1 ਦੀ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ | ਹਮਲਾਵਰ ਭੱਜ ਗਏ | ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ | ਏ.ਐੱਸ.ਆਈ ਮੋਹਨ ਲਾਲ ਮਾਮਲੇ ਦੀ ਜਾਂਚ ਕਰ ਰਹੇ ਹਨ |