25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚਾਨਣ ਵਾਲਾ ਬਣਿਆ ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਾਇਮਰੀ ਸਕੂਲਾਂ 'ਚੋਂ ਸਭ ਤੋਂ ਵੱਧ ਗਿਣਤੀ ਵਾਲਾ ਸਕੂਲ

ਅਜੀਤ ਡੈਸਕ 20-07-2025
ਫ਼ਾਜ਼ਿਲਕਾ, 19 ਜੁਲਾਈ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਫ਼ਾਜ਼ਿਲਕਾ ਦੇ ਨਾਲ ਨਾਲ ਪੰਜਾਬ ਦੇ ਮੋਹਰੀ ਸਕੂਲਾਂ ਵਿਚ ਸ਼ੁਮਾਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚਾਨਣ ਵਾਲਾ ਕਿਸੇ ਪਹਿਚਾਣ ਦਾ ਮੁਥਾਜ ਨਹੀਂ ਹੈ | ਪਹਿਲਾਂ ਦੀਆਂ ਅਨੇਕਾਂ ਪ੍ਰਾਪਤੀਆਂ ਦੇ ਨਾਲ ਸਕੂਲ ਦੇ ਨਾਂ ਇੱਕ ਵੱਡੀ ਪ੍ਰਾਪਤੀ ਹੋਰ ਜੁੜ ਗਈ ਹੈ | 580 ਵਿਦਿਆਰਥੀਆਂ ਦੀ ਗਿਣਤੀ ਨਾਲ ਚਾਨਣ ਵਾਲਾ ਜ਼ਿਲ੍ਹਾ ਫ਼ਾਜ਼ਿਲਕਾ ਦਾ ਸਭ ਤੋਂ ਵੱਧ ਗਿਣਤੀ ਵਾਲਾ ਸਕੂਲ ਬਣ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਸੀ.ਐੱਚ.ਟੀ ਲਵਜੀਤ ਸਿੰਘ ਗਰੇਵਾਲ ਨੈਸ਼ਨਲ ਅਵਾਰਡੀ ਨੇ ਦੱਸਿਆ ਕਿ ਉਨ੍ਹਾਂ ਇਸ ਸਕੂਲ ਵਿਚ ਸੈਸ਼ਨ 2018-19 ਵਿਚ ਲਗਭਗ 145 ਬੱਚਿਆਂ ਨਾਲ ਸਫ਼ਰ ਸ਼ੁਰੂ ਕੀਤਾ ਸੀ | ਹਰ ਸਾਲ ਲਗਾਤਾਰ ਬੱਚਿਆਂ ਦੀ ਗਿਣਤੀ ਵਿਚ ਵਾਧਾ ਹੋਇਆ | ਉਨ੍ਹਾਂ ਦੱਸਿਆ ਕਿ ਸੈਸ਼ਨ 2025-26 ਵਿਚ ਸਕੂਲ ਵਿਚ ਬੱਚਿਆਂ ਦੀ ਗਿਣਤੀ 580 ਹੋਣ ਨਾਲ ਸਕੂਲ ਨੂੰ ਜ਼ਿਲ੍ਹੇ ਦਾ ਸਭ ਤੋਂ ਵੱਧ ਗਿਣਤੀ ਵਾਲਾ ਸਕੂਲ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ | ਉਨ੍ਹਾਂ ਕਿਹਾ ਕਿ ਮਾਪਿਆਂ ਦਾ ਸਕੂਲ ਵਿਚ ਵਿਸ਼ਵਾਸ ਐਨਾ ਮਜ਼ਬੂਤ ਹੈ ਕਿ ਆਉਣ ਵਾਲੇ ਸੈਸ਼ਨ ਲਈ ਛੇ ਮਹੀਨੇ ਪਹਿਲਾਂ ਦਾਖ਼ਲੇ ਸ਼ੁਰੂ ਹੋ ਜਾਂਦੇ ਹਨ ਅਤੇ ਅਪ੍ਰੈਲ ਚੜ੍ਹਦਿਆਂ ਦਾਖ਼ਲੇ ਬੰਦ ਕਰਨੇ ਪੈਂਦੇ ਹਨ | ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਮੇਂ ਸਮੇਂ ਤੇ ਵਿੱਦਿਅਕ ਟੂਰ ਕਰਵਾਏ ਜਾਂਦੇ ਹਨ | ਵਿਦਿਆਰਥੀ ਵੱਖ ਵੱਖ ਵਿੱਦਿਅਕ ਮੁਕਾਬਲੇ ਅਤੇ ਖੇਡ ਮੁਕਾਬਲਿਆਂ ਵਿਚ ਸੂਬਾ ਪੱਧਰ ਤੇ ਮੱਲ੍ਹਾਂ ਮਾਰ ਰਹੇ ਹਨ | ਹਰ ਸਾਲ ਵਿਦਿਆਰਥੀਆਂ ਦੇ ਨਵੋਦਿਆ ਵਿਦਿਆਲੇ ਵਿਚ ਦਾਖ਼ਲੇ ਹੋ ਰਹੇ ਹਨ | ਸਕੂਲ ਦਾ ਸਾਲਾਨਾ ਸਮਾਰੋਹ ਪੂਰੇ ਖੇਤਰ ਵਿਚ ਵੱਖਰੀ ਪਹਿਚਾਣ ਬਣਾ ਚੁੱਕਿਆ ਹੈ, ਜਿੱਥੇ ਸਕੂਲ ਦਾ ਤਿੰਨ ਸਾਲ ਦਾ ਵਿਦਿਆਰਥੀ ਵੀ ਗਤਕੇ ਦੇ ਜੌਹਰ ਦਿਖਾਉਂਦਾ ਨਜ਼ਰ ਆਉਂਦਾ ਹੈ | ਉਨ੍ਹਾਂ ਕਿਹਾ ਕਿ ਇੱਕ ਸਮਾਂ ਜੀ ਜਦੋਂ ਲੋਕ ਸ਼ਹਿਰਾਂ ਵਿਚ ਬੱਚੇ ਪੜਾਉਣ ਨੂੰ ਤਰਜੀਹ ਦਿੰਦੇ ਸਨ, ਪਰ ਇਹ ਸਾਡੇ ਸਕੂਲ ਦੀ ਵਿਲੱਖਣ ਪ੍ਰਾਪਤੀ ਹੈ ਕਿ ਜ਼ਿਲ੍ਹਾ ਹੈੱਡਕੁਆਟਰ ਫ਼ਾਜ਼ਿਲਕਾ ਤੋਂ 147 ਬੱਚੇ ਅਤੇ ਵੱਖ ਵੱਖ 15 ਪਿੰਡਾ ਤੋਂ ਵਿਦਿਆਰਥੀਆਂ ਪੜ੍ਹਨ ਲਈ ਆਉਂਦੇ ਹਨ | ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਸਕੂਲ ਨੂੰ ਟਰਾਂਸਪੋਰਟ ਦੀ ਸੇਵਾ ਦੇਣ ਦੀ ਸਹੂਲਤ ਦਿੱਤੀ ਹੈ | ਉਨ੍ਹਾਂ ਕਿਹਾ ਕਿ ਇਸ ਵੱਡੀ ਪ੍ਰਾਪਤੀ ਦਾ ਸਿਹਰਾ ਸਕੂਲ ਦੇ ਮਿਹਨਤੀ ਅਤੇ ਸਮਰਪਿਤ ਸਟਾਫ਼ ਨੂੰ ਜਾਂਦਾ ਹੈ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸੰਭਵ ਹੋ ਸਕਿਆ ਹੈ | ਇਸ ਪ੍ਰਾਪਤੀ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਂਡਰੀ ਅਜੇ ਕੁਮਾਰ ਸ਼ਰਮਾ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਤੀਸ਼ ਕੁਮਾਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਵਿੰਦਰ ਸਿੰਘ, ਬੀ.ਪੀ.ਈ.ਓ ਪ੍ਰਮੋਦ ਕੁਮਾਰ, ਸਮੂਹ ਬੀ.ਪੀ.ਈ.ਓ, ਸਮੂਹ ਬੀ.ਐਨ.ਓ, ਵੱਖ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਵਲੋਂ ਇਸ ਪ੍ਰਾਪਤੀ ਲਈ ਸਕੂਲ ਸਟਾਫ਼ ਨੂੰ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ |
ਪਿਛਲੀ ਖ਼ਬਰ 350 ਸਾਲਾਂ ਸ਼ਹੀਦੀ ਸਮਾਗਮਾਂ ਨੂੰ ਮੁੱਖ ਰੱਖਦਿਆਂ 5 ਸਤੰਬਰ ਨੂੰ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ 'ਤੇ ਗਜ਼ਟਿਡ ਛੁ... ਅਗਲੀ ਖ਼ਬਰ ਸਿੰਗਾਪੁਰ ਮਾਸਟਰ ਐਥਲੀਟ ਵਿਚ ਸੋਨੇ ਦਾ ਤਗਮਾ ਜਿੱਤ ਕੇ ਪਰਤੇ ਬੂੜ ਸਿੰਘ ਦਾ ਸਿੱਖ ਸੰਸਥਾਵਾਂ ਨੇ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।