ਫ਼ਾਜ਼ਿਲਕਾ, 17 ਜੁਲਾਈ (ਦਵਿੰਦਰ ਪਾਲ ਸਿੰਘ)-ਪੀ. ਐੱਚ. ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਇਕ ਵਫ਼ਦ ਨੇ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੰਜੀਵ ਅਰੋੜਾ ਨਾਲ ਮੁਲਾਕਾਤ ਕੀਤੀ | ਵਫ਼ਦ ਦੀ ਅਗਵਾਈ ਪੀ. ਐੱਚ. ਡੀ. ਸੀ. ਸੀ. ਆਈ. ਪੰਜਾਬ ਸਟੇਟ ਚੈਪਟਰ ਦੇ ਚੇਅਰਮੈਨ ਕਰਨ ਗਿਲਹੋਤਰਾ ਨੇ ਕੀਤੀ | ਉਨ੍ਹਾਂ ਦੇ ਨਾਲ ਮੈਨੇਜਮੈਂਟ ਕਮੇਟੀ ਮੈਂਬਰ ਆਰ. ਐੱਸ. ਸਚਦੇਵਾ ਤੇ ਖੇਤਰੀ ਡਾਇਰੈਕਟਰ ਭਾਰਤੀ ਸੂਦ ਵੀ ਸਨ | ਇਸ ਮੌਕੇ ਵਫ਼ਦ ਨੇ ਸੰਜੀਵ ਅਰੋੜਾ ਨੂੰ ਕੈਬਨਿਟ ਮੰਤਰੀ ਵਜੋਂ ਅਹੁਦਾ ਸੰਭਾਲਣ 'ਤੇ ਵਧਾਈ ਦਿੱਤੀ ਅਤੇ ਸੂਬੇ ਦੀਆਂ ਉਦਯੋਗਿਕ ਚੁਨੌਤੀਆਂ ਅਤੇ ਹੱਲਾਂ ਬਾਰੇ ਸੁਝਾਅ ਵੀ ਸਾਂਝੇ ਕੀਤੇ | ਇਸ ਮੌਕੇ ਚੇਅਰਮੈਨ ਕਰਨ ਗਿਲਹੋਤਰਾ ਨੇ ਇਕ ਮਜ਼ਬੂਤ ਤੇ ਦੂਰ-ਦਰਸ਼ੀ ਉਦਯੋਗਿਕ ਨੀਤੀ ਦੀ ਲੋੜ 'ਤੇ ਜ਼ੋਰ ਦਿੱਤਾ, ਜੋ ਰਵਾਇਤੀ ਅਤੇ ਉੱਭਰ ਰਹੇ ਖੇਤਰਾਂ ਵਿਚ ਨਿਵੇਸ਼ ਨੂੰ ਉਤਸ਼ਾਹਿਤ ਕਰੇਗੀ | ਉਨ੍ਹਾਂ ਨੇ ਨਿਵੇਸ਼ਕਾਂ ਦਾ ਵਿਸ਼ਵਾਸ ਬਣਾਈ ਰੱਖਣ, ਉਦਮਤਾ ਨੂੰ ਉਤਸ਼ਾਹਿਤ ਕਰਨ ਅਤੇ ਨੀਤੀ ਸਥਿਰਤਾ ਬਣਾਈ ਰੱਖਣ ਦੀ ਲੋੜ ਪ੍ਰਗਟ ਕੀਤੀ | ਆਰ. ਐੱਸ. ਸਚਦੇਵਾ ਨੇ ਰਾਜ ਦੇ ਉਦਯੋਗਿਕ ਸਮੂਹਾਂ ਵਿਚ ਬੁਨਿਆਦੀ ਢਾਂਚੇ ਨੂੰ ਤੇਜ਼ੀ ਨਾਲ ਅਪਗ੍ਰੇਡ ਕਰਨ ਦੀ ਲੋੜ ਬਾਰੇ ਗੱਲ ਕੀਤੀ | ਉਨ੍ਹਾਂ ਨੇ ਨਵੇਂ ਉਦਯੋਗਿਕ ਪਾਰਕਾਂ ਦੇ ਵਿਕਾਸ ਦਾ ਸੁਝਾਅ ਦਿੱਤਾ, ਜਿਸ ਵਿਚ ਐਮ. ਐੱਸ. ਐਮ. ਈ. ਤੇ ਸਟਾਰਟ ਅੱਪ ਲਈ ਵਿਸ਼ੇਸ਼ ਖੇਤਰ ਸ਼ਾਮਿਲ ਹਨ | ਉਨ੍ਹਾਂ ਨੇ ਉਦਯੋਗਿਕ ਮੁਕਾਬਲੇਬਾਜ਼ੀ ਲਈ ਊਰਜਾ ਕੁਸ਼ਲਤਾ, ਡਿਜੀਟਲ ਬੁਨਿਆਦੀ ਢਾਂਚਾ ਤੇ ਲੌਜਿਸਟਿਕਸ ਕਨੈਕਟੀਵਿਟੀ ਨੂੰ ਵੀ ਜ਼ਰੂਰੀ ਦੱਸਿਆ | ਉਨ੍ਹਾਂ ਨੇ ਉਦਯੋਗਾਂ ਲਈ ਡਿਜੀਲਾਕਰ ਵਰਗੀਆਂ ਪਹਿਲਕਦਮੀਆਂ ਨੂੰ ਸਰਕਾਰ ਦੀ ਇਕ ਸ਼ਲਾਘਾਯੋਗ ਪਹਿਲ ਦੱਸਿਆ | ਭਾਰਤੀ ਸੂਦ ਨੇ ਨੀਤੀ ਨਿਰਮਾਣ 'ਚ ਉਦਯੋਗ ਤੇ ਸਰਕਾਰ ਵਿਚਕਾਰ ਮਜ਼ਬੂਤ ਸਹਿਯੋਗ ਦੀ ਲੋੜ ਪ੍ਰਗਟ ਕੀਤੀ | ਉਨ੍ਹਾਂ ਨੇ ਐਮ. ਐੱਸ. ਐਮ. ਈਜ਼ ਨੂੰ ਸਰਲ ਪਾਲਨਾ ਪ੍ਰਣਾਲੀ ਪ੍ਰਦਾਨ ਕਰਨ ਦਾ ਪ੍ਰਸਤਾਵ ਰੱਖਿਆ ਤੇ ਪਾਰਦਰਸ਼ੀ ਅਤੇ ਭਾਗੀਦਾਰੀ ਸ਼ਾਸਨ ਨੂੰ ਉਤਸ਼ਾਹਿਤ ਕਰਨ ਲਈ ਨਿਯਮਤ ਗੱਲਬਾਤ ਲਈ ਇੱਕ ਢਾਂਚਾ ਗਤ ਪਲੇਟਫ਼ਾਰਮ ਦੀ ਮੰਗ ਕੀਤੀ | ਇਸ ਮੌਕੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਪੀ. ਐੱਚ. ਡੀ. ਸੀ. ਸੀ. ਆਈ. ਦੇ ਸੁਝਾਵਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਜਲਦੀ ਹੀ ਦੇਸ਼ ਦੀ ਸਭ ਤੋਂ ਵਧੀਆ ਉਦਯੋਗਿਕ ਨੀਤੀ ਲਿਆਉਣ ਲਈ ਕੰਮ ਕਰ ਰਹੀ ਹੈ, ਜਿਸ ਨਾਲ ਸੂਬੇ ਵਿਚ ਉਦਯੋਗਿਕ ਵਿਕਾਸ ਅਤੇ ਰੁਜ਼ਗਾਰ ਪੈਦਾ ਕਰਨ ਵਿਚ ਤੇਜ਼ੀ ਆਵੇਗੀ | ਉਦਯੋਗ ਸੰਗਠਨਾਂ ਤੋਂ ਸੁਝਾਅ ਤੇ ਫੀਡ ਬੈਕ ਮੰਗਦੇ ਹੋਏ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਉਦਯੋਗਾਂ ਲਈ ਅਨੁਕੂਲ ਮਾਹੌਲ ਬਣਾਉਣ ਲਈ ਵਚਨਬੱਧ ਹੈ |