ਫ਼ਾਜ਼ਿਲਕਾ, 16 ਜੁਲਾਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ 'ਚ ਮਮਤਾ ਦਿਵਸ ਮੌਕੇ ਸਿਵਲ ਸਰਜਨ ਡਾ. ਰਾਜ ਕੁਮਾਰ ਦੀ ਅਗਵਾਈ ਤੇ ਡਾ. ਕਵਿਤਾ ਸਿੰਘ (ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ), ਡਾ. ਐਡੀਸਨ ਐਰਿਕ (ਸੀਨੀਅਰ ਮੈਡੀਕਲ ਅਫ਼ਸਰ) ਤੇ ਡਾ. ਅਰਪਿਤ ਗੁਪਤਾ (ਜ਼ਿਲ੍ਹਾ ਟੀਕਾਕਰਨ ਅਫ਼ਸਰ) ਦੀ ਨਿਗਰਾਨੀ ਹੇਠ ਪੇਂਡੂ ਤੇ ਸ਼ਹਿਰੀ ਖੇਤਰਾਂ 'ਚ ਜੱਚਾ-ਬੱਚਾ ਟੀਕਾਕਰਨ ਕੈਂਪ ਲਗਾਏ ਗਏ | ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਮਮਤਾ ਦਿਵਸ ਦੌਰਾਨ ਗਰਭਵਤੀ ਮਹਿਲਾਵਾਂ ਨੂੰ ਟੈੱਟਨਸ ਦੇ ਟੀਕੇ ਲਗਾਏ ਗਏ, ਉਨ੍ਹਾਂ ਦੀ ਵਜ਼ਨ, ਬਲੱਡ ਪ੍ਰੈਸ਼ਰ, ਖ਼ੂਨ ਤੇ ਪਿਸ਼ਾਬ ਦੀ ਜਾਂਚ ਵੀ ਕੀਤੀ ਗਈ ਤਾਂ ਜੋ ਮਾਂ ਦੀ ਸਿਹਤ ਚੰਗੀ ਰਹੇ ਤੇ ਉਹ ਇੱਕ ਸਿਹਤਮੰਦ ਬੱਚੇ ਨੂੰ ਜਨਮ ਦੇ ਸਕੇ | ਉਨ੍ਹਾਂ ਕਿਹਾ ਕਿ ਗਰਭ ਅਵਸਥਾ ਦੌਰਾਨ ਘੱਟੋ-ਘੱਟ 4 ਵਾਰ ਚੈੱਕਅਪ ਜ਼ਰੂਰੀ ਹਨ | ਉਨ੍ਹਾਂ ਕਿਹਾ ਕਿ ਪਹਿਲੇ 6 ਮਹੀਨੇ ਬੱਚੇ ਨੂੰ ਕੇਵਲ ਮਾਂ ਦਾ ਦੁੱਧ ਹੀ ਦਿੱਤਾ ਜਾਵੇ ਤੇ ਬੋਤਲ ਰਾਹੀਂ ਦੁੱਧ ਨਾ ਪਿਲਾਇਆ ਜਾਵੇ, ਤਾਂ ਜੋ ਨਮੂਨੀਆ, ਡਾਇਰੀਆ ਵਰਗੀਆਂ ਬਿਮਾਰੀਆਂ ਤੋਂ ਬਚਾਅ ਹੋ ਸਕੇ | ਜਣੇਪਾ ਸਰਕਾਰੀ ਹਸਪਤਾਲ ਵਿਚ ਹੀ ਕਰਾਉਣਾ ਚਾਹੀਦਾ ਹੈ, ਤਾਂ ਜੋ ਮਾਂ ਤੇ ਬੱਚੇ ਦੀ ਮੌਤ ਦਰ ਨੂੰ ਘਟਾਇਆ ਜਾ ਸਕੇ | ਇਸ ਮੌਕੇ 'ਤੇ ਮਨਬੀਰ ਸਿੰਘ (ਡਿਪਟੀ ਮਾਸ ਮੀਡੀਆ ਅਫ਼ਸਰ), ਏ.ਐਨ.ਐਮ ਸ਼ਾਲੂ ਰਾਣੀ, ਆਸ਼ਾ ਵਰਕਰ ਆਦਿ ਹਾਜ਼ਰ ਸਨ | ਦੂਜੇ ਪਾਸੇ ਡੇਂਗੂ ਤੋਂ ਬਚਾਅ ਲਈ ਚੂਹੜੀ ਵਾਲਾ, ਸ਼ਤੀਰ ਵਾਲਾ ਤੇ ਡੰਗਰ ਖੇੜਾ ਪਿੰਡਾਂ 'ਚ ਜਾਗਰੂਕਤਾ ਮੁਹਿੰਮ ਚਲਾਈ ਗਈ | ਸਿਵਲ ਸਰਜਨ ਡਾ. ਰਾਜ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਡਾ. ਅਰਪਿਤ ਗੁਪਤਾ, ਡਾ. ਸੁਨੀਤਾ (ਜ਼ਿਲ੍ਹਾ ਮਹਾਂਮਾਰੀ ਵਿਗਿਆਨੀ) ਤੇ ਡਾ. ਰੋਹਿਤ ਗੋਇਲ (ਸੀਨੀਅਰ ਮੈਡੀਕਲ ਅਫ਼ਸਰ, ਸੀ.ਐੱਚ.ਸੀ ਖੂਈ ਖੇੜਾ) ਦੀ ਅਗਵਾਈ ਹੇਠ ਸਿਹਤ ਕਰਮਚਾਰੀਆਂ ਨੇ ਲੋਕਾਂ ਨੂੰ ਡੇਂਗੂ ਬਾਰੇ ਜਾਣੂ ਕਰਵਾਇਆ | ਸਿਹਤ ਕਰਮਚਾਰੀਆਂ ਨੇ ਲੋਕਾਂ ਨੂੰ ਕਿਹਾ ਕਿ ਡੇਂਗੂ ਮੱਛਰ ਸਾਫ਼ ਪਾਣੀ 'ਚ ਪੈਦਾ ਹੁੰਦਾ ਹੈ ਤੇ ਦਿਨ ਦੇ ਸਮੇਂ ਕੱਟਦਾ ਹੈ | ਇਸ ਮੌਕੇ ਸਿਹਤ ਸੁਪਰਵਾਈਜ਼ਰ ਲਖਵਿੰਦਰ ਸਿੰਘ, ਗੰਗਾ ਰਾਮ, ਰਾਜਿੰਦਰ ਕੁਮਾਰ, ਅਮਿੱਤ ਕੁਮਾਰ, ਏ.ਐਨ.ਐਮ ਰਾਜਦੀਪ ਕੌਰ, ਰੇਖਾ ਰਾਣੀ, ਨਿਰਮਲਾ ਆਸ਼ਾ ਵਰਕਰ, ਰਾਜ ਕੌਰ ਆਦਿ ਮੌਜੂਦ ਸਨ |