ਅਬੋਹਰ, 16 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)- ਸਿੰਗਾਪੁਰ ਵਿਚ ਹੋਈਆਂ ਮਾਸਟਰ ਐਥਲੀਟ ਖੇਡਾਂ ਵਿਚ ਅਬੋਹਰ ਤੋਂ ਗਏ 2 ਖਿਡਾਰੀਆਂ ਨੇ ਇਲਾਕੇ ਦਾ ਨਾਂਅ ਰੌਸ਼ਨ ਕਰਕੇ ਆਪਣੀ ਮਿਹਨਤ ਨਾਲ ਸ਼ਾਨਦਾਰ ਸਫਲਤਾ ਹਾਸਲ ਕਰਦੇ ਹੋਏ ਤਿੰਨ ਸੋਨੇ ਦੇ ਤਗਮੇ ਜਿੱਤੇ ਹਨ, ਜਿਨ੍ਹਾਂ ਦਾ ਅੱਜ ਅਬੋਹਰ ਪੁੱਜਣ 'ਤੇ ਜ਼ਿਲ੍ਹਾ ਮਾਸਟਰ ਐਥਲੀਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਲਸ਼ਿੰਦਰ ਸਿੰਘ ਜੱਸਲ ਦੀ ਅਗਵਾਈ ਹੇਠ ਇਲਾਕੇ ਦੇ ਸਮੂਹ ਅਥਲੀਟਾਂ ਨੇ ਸਿੰਗਾਪੁਰ ਤੋਂ ਸੋਨੇ ਦੇ ਤਗਮੇ ਜਿੱਤ ਕੇ ਆਏ ਡਾ.ਸੁਬੇਗ ਸਿੰਘ ਅਤੇ ਬੂੜ ਸਿੰਘ ਦੇ ਗਲ਼ਾਂ ਵਿਚ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ | ਇਸ ਦੌਰਾਨ ਸਮੂਹ ਅਥਲੀਟਾਂ ਨੇ ਢੋਲ 'ਤੇ ਭੰਗੜਾ ਵੀ ਪਾਇਆ ਤੇ ਜੇਤੂ ਐਥਲੀਟ ਡਾ.ਸੁਬੇਗ ਸਿੰਘ ਅਤੇ ਬੂੜ ਸਿੰਘ ਦਾ ਮੂੰਹ ਵੀ ਮਿੱਠਾ ਕਰਾਇਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾ.ਸੁਬੇਗ ਸਿੰਘ ਅਤੇ ਬੂੜ ਸਿੰਘ ਨੇ ਦੱਸਿਆ ਕਿ ਸਿੰਗਾਪੁਰ ਮਾਸਟਰ ਐਸੋਸੀਏਸ਼ਨ ਵਲੋਂ ਕਰਵਾਈਆਂ ਖੇਡਾਂ ਦੌਰਾਨ ਸੰਸਾਰ ਭਰ ਤੋਂ ਕਰੀਬ 25 ਦੇਸ਼ਾਂ ਦੇ ਅਥਲੀਟਾਂ ਨੇ ਭਾਗ ਲਿਆ | ਜਿਸ ਵਿਚ ਭਾਰਤ ਤੋਂ 27 ਖਿਡਾਰੀ ਸ਼ਾਮਲ ਹੋਏ ਜਦ ਕਿ ਪੰਜਾਬ ਵਿਚੋਂ 7 ਅਥਲੀਟਾਂ ਨੇ ਸਿੰਗਾਪੁਰ ਖੇਡਾਂ ਵਿਚ ਸ਼ਮੂਲੀਅਤ ਕੀਤੀ | ਜਿਸ ਤਹਿਤ ਜ਼ਿਲ੍ਹਾ ਫ਼ਾਜ਼ਿਲਕਾ ਵਿਚੋਂ ਡਾ.ਸੁਬੇਗ ਸਿੰਘ ਨੇ ਡਿਸਕਸ ਤੇ ਗੋਲਾ ਸੁੱਟਣ 'ਚੋਂ ਅੱਵਲ ਆਉਂਦੇ ਹੋਏ ਸੋਨੇ ਦੇ ਤਗਮੇ ਜਿੱਤੇ ਜਦ ਕਿ ਬੂੜ ਸਿੰਘ ਨੇ 5 ਹਜ਼ਾਰ ਮੀਟਰ ਦੌੜ ਜਿੱਤਦੇ ਹੋਏ ਸੋਨੇ ਦਾ ਤਗਮਾ ਹਾਸਲ ਕੀਤਾ | ਗੁਲਸ਼ਿੰਦਰ ਸਿੰਘ ਜੱਸਲ ਨੇ ਦੱਸਿਆ ਕਿ 60 ਤੋਂ 80 ਸਾਲ ਦੀ ਉਮਰ ਤੱਕ ਇਲਾਕੇ ਦੇ ਕਰੀਬ 40 ਐਥਲੀਟ ਨੌਜਵਾਨਾਂ ਲਈ ਲਗਾਤਾਰ ਪੇ੍ਰਰਨਾ ਸਰੋਤ ਬਣੇ ਹੋਏ ਹਨ ਜੋ ਕਿ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਸਫਲ ਬਣਾ ਸਕਦੇ ਹਨ ਜੇਕਰ ਸਰਕਾਰ ਵੀ ਇਨ੍ਹਾਂ ਅਥਲੀਟਾਂ ਦੀ ਸਾਰ ਲਵੇ | ਇਸ ਮੌਕੇ ਡਾ.ਸੁਬੇਗ ਸਿੰਘ ਅਤੇ ਬੂੜ ਸਿੰਘ ਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰਾਂ ਨੇ ਵੀ ਇਲਾਕੇ ਦਾ ਮਾਣ ਵਧਾਉਣ ਤੇ ਦੋਨਾਂ ਨੂੰ ਵਧਾਈ ਦਿੱਤੀ | ਇਸ ਮੌਕੇ ਮਾਸਟਰ ਕੁਲਵੰਤ ਰਾਏ ਕੰਤੀ, ਸਤਨਾਮ ਸਿੰਘ ਬੁਰਜ, ਰਮੇਸ਼ ਕੁਮਾਰ ਡੀ.ਪੀ, ਸੁਖਦੇਵ ਸਿੰਘ ਢਿੱਲੋਂ, ਬਘੇਲ ਸਿੰਘ, ਗੁਰਜੰਟ ਸਿੰਘ ਕਾਨੂੰਗੋ, ਗੁਰਪਾਸ਼ ਸਿੰਘ, ਢੋਲੀ ਵੀਰਪਾਲ, ਜਸਬੀਰ ਕੰਬੋਜ, ਆਸ਼ਾ ਰਾਣੀ, ਪਰਮਪਾਲ ਕੌਰ, ਜਸਪਾਲ ਕੌਰ ਜੱਸਲ ਆਦਿ ਹਾਜ਼ਰ ਸਨ |