ਮੰਡੀ ਅਰਨੀਵਾਲਾ, 16 ਜੁਲਾਈ (ਨਿਸ਼ਾਨ ਸਿੰਘ ਮੋਹਲ਼ਾ)-ਪਿੰਡ ਕੁਹਾੜਿਆਂ ਵਾਲੀ 'ਚ ਇੱਕ ਗ਼ਰੀਬ ਪਰਿਵਾਰ ਦਾ ਮਕਾਨ ਬਾਰਸ਼ ਨਾਲ ਡਿੱਗ ਪਿਆ ਹੈ | ਪਰਿਵਾਰ ਕੋਲ ਰਹਿਣ ਵਾਸਤੇ ਇੱਕੋ ਇੱਕ ਮਕਾਨ ਸੀ | ਪਰਿਵਾਰ ਦੇ ਮੁਖੀ ਗੁਰਪ੍ਰੀਤ ਸਿੰਘ ਤੇ ਉਸ ਦੀ ਪਤਨੀ ਅਮਨਦੀਪ ਕੌਰ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਦੇ ਹਨ | ਅਮਨਦੀਪ ਕੌਰ ਪਿੰਡ 'ਚ ਘਰਾਂ 'ਚ ਕੰਮ ਕਰਨ ਦੇ ਲਈ ਗਈ ਹੋਈ ਸੀ ਤੇ ਗੁਰਪ੍ਰੀਤ ਸਿੰਘ ਵੀ ਮਜ਼ਦੂਰੀ ਲਈ ਕੰਮ 'ਤੇ ਗਏ ਹੋਏ ਸਨ | ਬੱਚੇ ਬਾਹਰ ਖੇਡ ਰਹੇ ਸਨ ਤੇ ਇਸੇ ਦੌਰਾਨ ਉਨ੍ਹਾਂ ਦਾ ਮਕਾਨ ਡਿੱਗ ਪਿਆ | ਉਨ੍ਹਾਂ ਨੇ ਕਿਹਾ ਕਿ ਘਰ ਵਿਚ ਕੋਈ ਵੀ ਨਾ ਹੋਣ ਕਰਕੇ ਪਰਿਵਾਰ ਦਾ ਬਚਾਅ ਰਿਹਾ ਪਰ ਉਨ੍ਹਾਂ ਦੇ ਸਮਾਨ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ | ਤਿੰਨ ਦਿਨਾਂ ਤੋਂ ਬਾਰਸ਼ ਹੋ ਰਹੀ ਸੀ | ਮਕਾਨ ਡਿੱਗਣ ਕਾਰਨ ਮਕਾਨ ਦੇ ਹੇਠਾਂ ਆ ਕੇ ਪਰਿਵਾਰ ਦੀ ਅਲਮਾਰੀ, ਇੱਕ ਪੇਟੀ, ਐਲ.ਈ.ਡੀ , ਫ਼ਰਿਜ ਟੁੱਟ ਗਈ ਤੇ ਪੱਖਾ ਹੇਠਾਂ ਦੱਬਿਆ ਗਿਆ ਤੇ ਤਿੰਨ ਟਰੰਕ, ਮੰਜੇ ਉਹ ਵੀ ਟੁੱਟ ਗਏ ਹਨ | ਵਾਸ਼ਿੰਗ ਮਸ਼ੀਨ ਵੀ ਸਾਰੀ ਟੁੱਟ ਗਈ, ਵਾਟਰ ਕੂਲਰ ਟੁੱਟ ਗਿਆ ਤੇ ਪਾਣੀ ਵਾਲੀ ਕੈਂਨੀ ਵੀ ਟੁੱਟ ਗਈ ਹੈ | ਪਰਿਵਾਰ ਨੇ ਪ੍ਰਸ਼ਾਸਨ ਕੋਲੋਂ ਰਹਿਣ ਵਾਸਤੇ ਮਕਾਨ ਬਣਾ ਕੇ ਦਿੱਤੇ ਜਾਣ ਦੀ ਮੰਗ ਕੀਤੀ ਹੈ |