ਜਲਾਲਾਬਾਦ, 16 ਜੁਲਾਈ (ਕਰਨ ਚੁਚਰਾ)- ਜਲਾਲਾਬਾਦ ਦੇ ਸਰਕਾਰੀ ਪ੍ਰਾਇਮਰੀ ਕੋਠੀ ਸਕੂਲ ਦੇ ਗੇਟ ਦੇ ਸਾਹਮਣੇ ਕਈ ਸਾਲਾਂ ਤੋਂ ਇਕੱਠੇ ਹੁੰਦੇ ਸੀਵਰੇਜ ਦੇ ਦੂਸ਼ਿਤ ਪਾਣੀ ਤੇ ਸੀਵਰੇਜ ਦੇ ਹੋਲਾਂ ਦੇ ਖੁੱਲੇ੍ਹ ਮੂੰਹ ਕਾਰਨ ਇੱਥੇ ਪੜ੍ਹਦੇ ਬੱਚੇ, ਪੜ੍ਹਾਉਂਦੇ ਅਧਿਆਪਕ ਤੇ ਬੱਚਿਆਂ ਨੂੰ ਛੱਡਣ ਆਉਂਦੇ ਮਾਪਿਆਂ ਨੂੰ ਮੌਤ ਰੂਪੀ ਸੀਵਰੇਜ ਦੇ ਖੁੱਲੇ੍ਹ ਮੂੰਹ 'ਚੋਂ ਨਿਕਲ ਕੇ ਇਸ ਸਕੂਲ 'ਚ ਦਾਖ਼ਲ ਹੋਣਾ ਪੈਂਦਾ ਹੈ | ਸਕੂਲ ਦੇ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਦੇ ਬੱਚਿਆਂ ਦੀ ਜਾਨ ਨੂੰ ਖ਼ਤਰਾ ਬਣਿਆ ਹੋਇਆ ਹੈ | ਇਸ ਸਬੰਧੀ ਮੌਕੇ 'ਤੇ ਮੌਜੂਦ ਅਧਿਆਪਕਾਂ, ਨੰਨੇ-ਮੁੰਨੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਦੱਸਿਆ ਕਿ ਸਮੱਸਿਆ ਕਈ ਸਾਲਾਂ ਤੋਂ ਚੱਲ ਰਹੀ ਹੈ | ਜਿਸ ਸਬੰਧੀ ਉਹ ਲਿਖਤੀ ਦਰਖਾਸਤਾਂ ਸਿੱਖਿਆ ਵਿਭਾਗ, ਡਿਪਟੀ ਕਮਿਸ਼ਨਰ ਤੇ ਐੱਸ.ਡੀ.ਐਮ ਜਲਾਲਾਬਾਦ ਨੂੰ ਕਈ ਵਾਰ ਦੇ ਚੁੱਕੇ ਹਨ, ਪਰ ਇੱਥੋਂ ਦਾ ਸਿਵਲ ਪ੍ਰਸ਼ਾਸਨ, ਨਗਰ ਕੌਂਸਲ ਤੇ ਲਗਾਤਾਰ ਰਾਜ ਕਰ ਰਹੀਆਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਵਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ | ਜਿਸ ਕਾਰਨ ਉਨ੍ਹਾਂ ਦੇ ਬੱਚੇ ਸੁਰੱਖਿਅਤ ਨਹੀਂ ਹਨ | ਸਕੂਲ ਦੇ ਸਹਿਮੇ ਹੋਏ ਬੱਚਿਆਂ ਨੇ ਦੱਸਿਆ ਕਿ ਉਹ ਕਈ ਵਾਰ ਸੀਵਰੇਜ ਵਿਚ ਡਿੱਗੇ ਹਨ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਸਾਥੀਆਂ ਨੇ ਸੀਵਰੇਜ ਤੋਂ ਬਾਹਰ ਕੱਢਿਆ ਹੈ | ਇੱਕ ਬੱਚੀ ਦੇ ਪਿਤਾ ਵੀਰ ਸਿੰਘ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਬੱਚੇ ਨੂੰ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਸਮੁੱਚੀ ਜ਼ਿੰਮੇਵਾਰੀ ਇੱਥੋਂ ਦੇ ਸਿਵਲ ਪ੍ਰਸ਼ਾਸਨ ਤੇ ਨਗਰ ਕੌਂਸਲ ਦੀ ਹੋਵੇਗੀ | ਦੂਜੇ ਪਾਸੇ ਇਸ ਮੁੱਦੇ ਦਾ ਸਖ਼ਤ ਨੋਟਿਸ ਲੈਂਦਿਆਂ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਤੇ ਸਰਬ ਭਾਰਤ ਨੌਜਵਾਨ ਸਭਾ ਦੇ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇੱਕ ਹਫ਼ਤੇ 'ਚ ਸਕੂਲ ਸਾਹਮਣੇ ਜੁੜੇ ਦੂਸ਼ਿਤ ਪਾਣੀ ਨੂੰ ਕੱਢ ਕੇ ਸੀਵਰੇਜ ਦੇ ਮੂੰਹ ਨੂੰ ਬੰਦ ਨਾ ਕੀਤਾ ਗਿਆ, ਤਾਂ ਉਹ ਤੇਜ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਗੱਲਬਾਤ ਕਰਦਿਆਂ ਸਰਬ ਨੌਜਵਾਨ ਸਭਾ ਦੇ ਸਾਬਕਾ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ, ਜ਼ਿਲ੍ਹਾ ਸਕੱਤਰ ਸਟਾਲਿਨ ਲਮੋਚੜ ਤੇ ਨੌਜਵਾਨ ਸਭਾ ਦੇ ਬਲਾਕ ਪ੍ਰਧਾਨ ਅਸ਼ੋਕ ਢਾਬਾਂ ਨੇ ਕਿਹਾ ਕਿ ਜੇਕਰ ਇੱਕ ਹਫ਼ਤੇ 'ਚ ਇਸ ਸਮੱਸਿਆ ਦਾ ਮੁਕੰਮਲ ਹੱਲ ਨਾ ਕੀਤਾ ਗਿਆ, ਤਾਂ ਬੱਚਿਆਂ ਲਈ ਮੌਤ ਦਾ ਖੂਹ ਬਣਿਆ ਇਹ ਇਕੱਠਾ ਹੋਇਆ ਦੂਸ਼ਿਤ ਪਾਣੀ ਇਕੱਠਾ ਕਰਕੇ ਟਰਾਲੀਆਂ 'ਚ ਪਾ ਕੇ ਵਿਧਾਇਕ ਦੀ ਕੋਠੀ, ਐਸ.ਡੀ.ਐਮ ਦੇ ਦਫ਼ਤਰ ਅਤੇ ਨਗਰ ਕੌਂਸਲ ਦੇ ਦਫ਼ਤਰ ਵਿਚ ਲਿਜਾ ਕੇ ਡੋਲਿਆ ਜਾਵੇਗਾ |