ਦੀਨਾਨਗਰ, 8 ਦਸੰਬਰ (ਸ਼ਰਮਾ/ਸੋਢੀ)- ਪੰਜਾਬ ਵਿਚ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਚੋਣ ਨਤੀਜਿਆਂ ਤੋਂ ਡਰਦਿਆਂ ਸੱਤਾਧਾਰੀ ਪਾਰਟੀ ਵਲੋਂ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਡੇ ਪੱਧਰ 'ਤੇ ਕਾਗ਼ਜ਼ ਰੱਦ ਕਰ ਦਿੱਤੇ ਗਏ ਹਨ | ਆਮ ਗੱਲ ਦੇਖਣ ਵਿਚ ਆਈ ਹੈ ਕਿ ਸੱਤਾਧਾਰੀ ਪਾਰਟੀ ਦੇ ਵਰਕਰਾਂ ਵਲੋਂ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਫਾਈਲਾਂ ਸ਼ਰੇਆਮ ਖੋਈਆਂ ਗਈਆਂ ਤੇ ਪਾੜੀਆਂ ਗਈਆਂ ਜਿਸ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਪਰ ਇਸ 'ਤੇ ਚੋਣ ਕਮਿਸ਼ਨ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਯੂਥ ਅਕਾਲੀ ਆਗੂ ਦਲਵੀਰ ਸਿੰਘ ਬਿੱਲਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦਾ ਗਰਾਫ਼ ਪੰਜਾਬ ਵਿਚ ਬਹੁਤ ਹੇਠਾਂ ਡਿਗ ਚੁੱਕਾ ਹੈ | ਇਸ ਪਾਰਟੀ ਦੀਆਂ ਮਾਰੂ ਨੀਤੀਆਂ ਤੋਂ ਲੋਕ ਬਹੁਤ ਤੰਗ ਪ੍ਰੇਸ਼ਾਨ ਹੋ ਚੁੱਕੇ ਹਨ | ਹਰ ਰੋਜ਼ ਦਿਨ ਦਿਹਾੜੇ ਲੁੱਟ ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ | ਸ਼ਰੇਆਮ ਪੰਜਾਬ ਦੇ ਅੰਦਰ ਕਤਲ ਹੋ ਰਹੇ ਹਨ | ਪੰਜਾਬ 'ਚ ਨਸ਼ੇ ਦਾ ਕਾਰੋਬਾਰ ਪੂਰੇ ਜ਼ੋਰਾਂ 'ਤੇ ਹੈ ਜਿਸ ਕਾਰਨ ਸੱਤਾਧਾਰੀ ਪਾਰਟੀ ਨੂੰ ਆਪਣੀ ਹਾਰ ਯਕੀਨੀ ਨਜ਼ਰ ਆ ਰਹੀ ਹੈ ਤੇ ਉਹ ਸੱਤਾ 'ਚ ਬਰਕਰਾਰ ਰਹਿਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਵਰਤ ਰਹੀ ਹੈ | ਸੱਤਾਧਾਰੀ ਪਾਰਟੀ ਨੂੰ ਇਨ੍ਹਾਂ ਵਧੀਕੀਆਂ ਦੇ 2027 ਦੇ ਵਿਧਾਨ ਸਭਾ ਚੋਣਾਂ ਵਿਚ ਨਤੀਜੇ ਭੁਗਤਨੇ ਪੈ ਸਕਦੇ ਹਨ | ਦਲਬੀਰ ਸਿੰਘ ਬਿੱਲਾ ਨੇ ਅੱਗੇ ਕਿਹਾ ਕਿ ਸੱਤਾਧਾਰੀ ਪਾਰਟੀ ਇਨ੍ਹਾਂ ਚੋਣਾਂ 'ਚ ਜੋ ਮਰਜ਼ੀ ਕਰ ਲਵੇ ਪਰ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ ਤੇ ਅਕਾਲੀ ਦਲ ਸ਼ਾਨਦਾਰ ਜਿੱਤ ਹਾਸਲ ਕਰਕੇ ਸੱਤਾ 'ਚ ਆਵੇਗਾ |