ਗੁਰਦਾਸਪੁਰ, 18 ਨਵੰਬਰ (ਚੱਕਰਾਜਾ)-ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਅਤੇ ਭਾਰਤੀ ਰੈੱਡ ਕਰਾਸ ਸੁਸਾਇਟੀ ਪੰਜਾਬ ਰਾਜ ਸ਼ਾਖਾ ਚੰਡੀਗੜ੍ਹ ਵਲੋਂ ਚਲਾਏ ਜਾ ਰਹੇ ਨਸ਼ਾ ਮੁਕਤ ਭਾਰਤ ਅਭਿਆਨ ਦੇ 5 ਸਾਲਾ ਦੇ ਸਫਲਤਾ ਪੂਰਵਕ ਸੰਪੂਰਨਤਾ 'ਤੇ ਰੈੱਡ ਕਰਾਸ-ਏਕੀਕਿ੍ਤ ਅਤੇ ਮੁੜ ਵਸੇਬਾ ਕੇਂਦਰ ਗੁਰਦਾਸਪੁਰ ਵਲੋਂ ਜਾਗਰੂਕਤਾ ਸੈਮੀਨਾਰ ਤੇ ਸਹੁੰ ਚੁੱਕ ਸਮਾਗਮ ਕਰਵਾਏ ਗਏ | ਇਹ ਸਮਾਗਮ ਸ਼ਿਵ ਦੁਲਾਰ ਸਿੰਘ ਢਿੱਲੋਂ ਸੇਵਾ ਮੁਕਤ ਸਕੱਤਰ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੀ ਅਗਵਾਈ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਆਨੰਦ ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਰਤਨ ਸਾਗਰ ਅਕੈਡਮੀ, ਬਾਲ ਭਾਵਨ ਗੁਰਦਾਸਪੁਰ, ਸਲਾਰੀਆ ਆਡੀਟੋਰੀਅਮ, ਆਰਮੀ ਛਾਉਣੀ ਤਿੱਬੜੀ, ਟੈਗੋਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਤੇ ਸੈਂਟਰ ਕੰਪਲੈਕਸ ਵਿਖੇ ਕਰਵਾਏ ਗਏ | ਇਸ ਮੌਕੇ ਆਨੰਦ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਅਤੇ ਆਈ. ਆਰ. ਸੀ. ਏ. ਦੇ ਸਟਾਫ਼ ਵਲੋਂ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਰੈਲੀ ਕੱਢੀ ਗਈ | ਇਸ ਮੌਕੇ ਪ੍ਰੋਜੈਕਟ ਡਾਇਰੈਕਟਰ ਰੋਮੇਸ਼ ਮਹਾਜਨ ਨੇ ਦੱਸਿਆ ਕਿ ਇਨ੍ਹਾਂ ਗਤੀਵਿਧੀਆਂ ਨੂੰ ਆਯੋਜਿਤ ਕਰਨ ਦਾ ਉਦੇਸ਼ ਜੀ. ਐੱਨ. ਡੀ. ਯੂ. ਅੰਮਿ੍ਤਸਰ ਵਿਖੇ ਮੰਤਰਾਲੇ ਵਲੋਂ ਨਸ਼ਾ ਮੁਕਤ ਭਾਰਤ ਅਭਿਆਨ ਦੇ 5 ਸਾਲ ਪੂਰੇ ਹੋਣ ਦੇ ਜਸ਼ਨ 'ਚ ਹਿੱਸਾ ਲੈਣਾ ਸੀ ਅਤੇ ਇਨ੍ਹਾਂ ਸਾਰੀਆਂ ਗਤੀਵਿਧੀਆਂ ਦਾ 750 ਤੋਂ ਵੱਧ ਲਾਭਪਾਤਰੀਆਂ ਨੂੰ ਲਾਭ ਹੋਇਆ | ਜਦੋਂ ਕਿ ਇਲਾਜ ਅਧੀਨ ਮਰੀਜ਼ਾਂ ਵਿਚ ਟੱਗ ਆਫ਼ ਵਾਰ ਅਤੇ ਬੈਡਮਿੰਟਨ ਵਰਗੇ ਖੇਡ ਪ੍ਰੋਗਰਾਮ ਵੀ ਕਰਵਾਏ ਗਏ |