ਬਟਾਲਾ, 7 ਨਵੰਬਰ (ਰਾਕੇਸ਼ ਰੇਖੀ)- ਰੰਗਦਾਰੀ ਲਈ ਨਿਸ਼ਾਨੇ 'ਤੇ ਲਏ ਗਏ ਲੋਕਾਂ ਦੀ ਰੈਕੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ 8 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ 2 ਨੂੰ ਗਿ੍ਫ਼ਤਾਰ ਕਰ ਲਿਆ ਹੈ ਤੇ ਉਨ੍ਹਾਂ ਤੋਂ 1 ਪਿਸਤੌਲ ਬਰਾਮਦ ਕੀਤਾ ਹੈ | ਥਾਣਾ ਡੇਰਾ ਬਾਬਾ ਨਾਨਕ ਦੇ ਐਸ.ਐਚ.ਓ. ਸਬ ਇੰਸਪੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਉਕਤ ਦੋਸ਼ੀਆਂ ਦੇ ਸਬੰਧ ਵਿਚ ਜਾਣਕਾਰੀ ਮਿਲਣ 'ਤੇ ਸਬ-ਇੰਸਪੈਕਟਰ ਇਕਬਾਲ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਕਰਨਵੀਰ ਸਿੰਘ ਵਾਸੀ ਘਣੀਏ-ਕੇ-ਬੇਟ ਅਤੇ ਅਰਸ਼ ਮਸੀਹ ਵਾਸੀ ਮਾਹਲ ਨੰਗਲ ਨੂੰ ਦਬੋਚ ਲਿਆ | ਤਲਾਸ਼ੀ ਲੈਣ 'ਤੇ ਉਨ੍ਹਾਂ ਕੋਲੋਂ ਇਕ 9 ਐਮ.ਐਮ. ਦਾ ਗਲੋਕ ਪਿਸਤੌਲ ਬਰਾਮਦ ਕੀਤਾ ਗਿਆ | ਐੱਸ.ਐੱਚ.ਓ. ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਨੌਜਵਾਨਾਂ ਤੋਂ ਪੁੱਛਗਿੱਛ ਕਰਨ 'ਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਆਸ਼ੂ ਵਾਸੀ ਫ਼ਤਹਿਗੜ੍ਹ ਚੂੜੀਆਂ, ਸਮਾਈਲ ਵਾਸੀ ਖੁਸ਼ੀਪੁਰ, ਗੁੱਲੂ ਵਾਸੀ ਵਡਾਲਾ ਬਾਂਗਰ, ਜਸ਼ਨ ਵਾਸੀ ਨਿੱਕੋਸਰਾਂ, ਵਿਦੇਸ਼ ਵਿਚ ਬੈਠੇ ਗੈਂਗਸਟਰ ਨਿਸ਼ਾਨ ਸਿੰਘ ਵਾਸੀ ਜੌੜੀਆਂ ਖੁਰਦ, ਜਰਮਨ ਸਿੰਘ ਵਾਸੀ ਕੋਠੇ ਲਈ ਕੰਮ ਕਰਦੇ ਰਹੇ ਹਨ | ਇਹ ਗੈਂਗਸਟਰ ਆਪਣੇ ਜਾਣ-ਪਹਿਚਾਣ ਦੇ ਲੋਕਾਂ ਕੋਲੋਂ ਅਣਪਛਾਤੇ ਗੁਰਗਿਆਂ ਨੂੰ ਭੇਜ ਕੇ ਲੋਕਾਂ ਤੋਂ ਰੰਗਦਾਰੀ ਇਕੱਠੀ ਕਰਵਾ ਰਹੇ ਹਨ ਅਤੇ ਗੋਲੀਆਂ ਚਲਾ ਰਹੇ ਹਨ | ਇਨ੍ਹਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ ਮੁਕੱਦਮੇ ਦਰਜ ਹਨ | ਦੋਸ਼ੀਆਂ ਤੋਂ ਬਰਾਮਦ ਪਿਸਤੌਲ ਦਿਖਾ ਕੇ ਉਨ੍ਹਾਂ ਨੇ ਵਪਾਰੀਆਂ ਤੋਂ ਰੰਗਦਾਰੀ ਵਸੂਲਣੀ ਸੀ, ਜਿਸ ਦੇ ਦੋਸ਼ ਤਹਿਤ ਉਕਤ ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਕਰਨਵੀਰ ਅਤੇ ਅਰਸ਼ ਮਸੀਹ ਨੂੰ ਗਿ੍ਫ਼ਤਾਰ ਕਰ ਲਿਆ ਗਿਆ |