27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਪਿੰਡਾਂ ਦੇ ਵਿਕਾਸ ਦੀ ਰਕਮ 'ਚ ਧਾਂਦਲੀ ਕਰਨ ਦੇ ਦੋਸ਼ ਤਹਿਤ ਪੰਚਾਇਤ ਸਕੱਤਰ 'ਤੇ ਮਾਮਲਾ ਦਰਜ

ਅਜੀਤ ਡੈਸਕ 08-11-2025
ਬਟਾਲਾ, 7 ਨਵੰਬਰ (ਰਾਕੇਸ਼ ਰੇਖੀ)- ਬਲਾਕ ਫ਼ਤਹਿਗੜ੍ਹ ਚੂੜੀਆਂ ਦੇ ਪਿੰਡ ਲੋਧੀਨੰਗਲ ਅਤੇ ਵੀਲਾ ਤੇਜਾ ਦੇ ਵਿਕਾਸ ਕੰਮਾਂ ਲਈ ਆਈ ਸਰਕਾਰੀ ਰਕਮ 'ਚ ਕਥਿਤ ਧਾਂਦਲੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਪੰਚਾਇਤ ਸਕੱਤਰ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਬੀ.ਡੀ.ਪੀ.ਓ. ਫ਼ਤਹਿਗੜ੍ਹ ਚੂੜੀਆਂ ਦੇ ਸੀ.ਈ.ਪੀ.ਓ. ਪਵਨ ਕੁਮਾਰ ਦੇ ਬਿਆਨ 'ਤੇ ਪੰਚਾਇਤ ਸਕੱਤਰ ਪਿਆਰਾ ਸਿੰਘ ਦੇ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ | ਥਾਣਾ ਘਣੀਏ-ਕੇ-ਬਾਂਗਰ ਦੇ ਐੱਸ.ਐੱਚ.ਓ. ਸਬ-ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਪਵਨ ਕੁਮਾਰ ਸੀ.ਈ.ਪੀ.ਓ. ਵਲੋਂ ਵਧੀਕ ਡਿਪਟੀ ਕਮਿਸ਼ਨਰ ਨੂੰ ਇਸ ਸਬੰਧ ਵਿਚ ਲਿਖਿਆ ਗਿਆ ਸੀ, ਜਿਸ 'ਤੇ ਵਧੀਕ ਡਿਪਟੀ ਕਮਿਸ਼ਨਰ ਵਲੋਂ ਪੱਤਰ ਮਿਲਣ 'ਤੇ ਪੁਲਿਸ ਨੇ ਕਾਰਵਾਈ ਅਮਲ ਵਿਚ ਲਿਆਂਦੀ | ਪੱਤਰ ਵਿਚ ਦੱਸਿਆ ਗਿਆ ਹੈ ਕਿ ਗ੍ਰਾਮ ਪੰਚਾਇਤ ਵੀਲਾ ਤੇਜਾ ਤੇ ਲੋਧੀਨੰਗਲ ਦੀਆਂ ਪੰਚਾਇਤਾਂ ਭੰਗ ਹੋਣ ਤੋਂ ਬਾਅਦ ਪ੍ਰਬੰਧਕ ਤੇ ਪੰਚਾਇਤ ਸਕੱਤਰਾਂ ਵਲੋਂ ਕਰਵਾਏ ਗਏ ਵਿਕਾਸ ਦੀ ਅਸੈਸਮੈਂਟ ਰਿਪੋਰਟ ਕਰਨ ਲਈ ਕਿਹਾ ਗਿਆ ਸੀ | ਸੀ.ਈ.ਪੀ.ਓ. ਪਵਨ ਕੁਮਾਰ ਅਨੁਸਾਰ ਗ੍ਰਾਮ ਪੰਚਾਇਤ ਵੀਲਾ ਤੇਜਾ ਤੇ ਲੋਧੀਨੰਗਲ ਵਿਖੇ 15ਵੇਂ ਵਿੱਤ ਕਮਿਸ਼ਨ ਤਹਿਤ ਗ੍ਰਾਮ ਪੰਚਾਇਤਾਂ ਭੰਗ ਹੋਣ ਤੋਂ ਬਾਅਦ ਗ੍ਰਾਮ ਪੰਚਾਇਤ ਵੀਲਾ ਤੇਜਾ ਵਿਚੋਂ 11 ਲੱਖ ਰੁਪਏ ਤੇ ਲੋਧੀਨੰਗਲ ਤੋਂ 4 ਲੱਖ ਰੁਪਏ ਦੀ ਅਦਾਇਗੀ ਕੁਝ ਕੰਪਨੀਆਂ ਦੇ ਨਾਂਅ 'ਤੇ ਕੀਤੀ ਗਈ ਪਰ ਵਿਕਾਸ ਦੇ ਕੰਮ ਸ਼ੁਰੂ ਨਹੀਂ ਕਰਵਾਏ | ਪੜਤਾਲ ਦੌਰਾਨ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਰਿਪੋਰਟ, ਬਿਆਨ ਤੋਂ ਬਾਅਦ ਪੰਚਾਇਤ ਸਕੱਤਰ ਪਿਆਰਾ ਸਿੰਘ ਨੂੰ ਹਾਜ਼ਰ ਹੋਣ ਲਈ ਕਈ ਵਾਰ ਕਿਹਾ ਗਿਆ ਪਰ ਉਹ ਹਾਜ਼ਰ ਨਹੀਂ ਹੋਇਆ | ਇਸ ਤੋਂ ਸਪੱਸ਼ਟ ਹੋਇਆ ਕਿ ਦੋਵਾਂ ਗ੍ਰਾਮ ਪੰਚਾਇਤਾਂ ਦਾ ਕੁੱਲ 13 ਲੱਖ 10 ਹਜ਼ਾਰ ਰੁਪਏ ਦਾ ਗਬਨ ਕੀਤਾ ਗਿਆ ਹੈ, ਜਿਸ ਦੇ ਦੋਸ਼ ਤਹਿਤ ਪੰਚਾਇਤ ਸਕੱਤਰ ਪਿਆਰਾ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ |
ਪਿਛਲੀ ਖ਼ਬਰ ਲੋਕਾਂ ਤੋਂ ਰੰਗਦਾਰੀ ਮੰਗਣ ਲਈ ਰੈਕੀ ਕਰਨ ਦੇ ਦੋਸ਼ ਤਹਿਤ 2 ਗਿ੍ਫ਼ਤਾਰ - ਪਿਸਤੌਲ ਬਰਾਮਦ ਅਗਲੀ ਖ਼ਬਰ ਵਿਸ਼ੇਸ਼ ਇਕੱਤਰਤਾ 9 ਨੂੰ : ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।