ਮਾਧੋਪੁਰ, 7 ਨਵੰਬਰ (ਮਹਿਰਾ)- ਮਾਧੋਪੁਰ ਰਾਵੀ ਦਰਿਆ 'ਚੋਂ ਨਿਕਲਦੀਆਂ ਦੋ ਵੱਖ-ਵੱਖ ਨਹਿਰਾਂ 'ਤੇ ਬਣੇ ਪੁਲਾਂ 'ਤੇ ਰੋਜ਼ਾਨਾ ਲੱਗਦੇ ਜਾਮ ਅਤੇ ਹੈਵੀ ਗੱਡੀਆਂ ਦੇ ਆਉਣ ਜਾਣ 'ਤੇ ਪਾਬੰਦੀ ਦੇ ਬਾਵਜੂਦ ਭਾਰੀ ਗੱਡੀਆਂ ਦਾ ਆਉਣਾ ਜਾਣਾ ਲਗਾਤਾਰ ਜਾਰੀ ਹੈ | ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਉਕਤ ਦੋਨੇਂ ਪੁਲ ਢਹਿ ਢੇਰੀ ਹੋ ਜਾਣਗੇ | ਜੇਕਰ ਉਕਤ ਪੁਲ ਦੁਰਘਟਨਾਗ੍ਰਸਤ ਹੋ ਜਾਂਦੇ ਹੈ ਤਾਂ ਖੇਤਰ ਦੇ ਦਰਜਨਾਂ ਪਿੰਡ ਰਾਸ਼ਟਰੀ ਰਾਜ ਮਾਰਗ ਦੇ ਸੰਪਰਕ ਤੋਂ ਟੁੱਟ ਜਾਣਗੇ | ਜ਼ਿਕਰਯੋਗ ਹੈ ਕਿ ਵਿਭਾਗ ਵਲੋਂ ਉਕਤ ਪੁਲਾਂ ਦੀ ਹਾਲਤ ਦੇਖਦੇ ਹੋਏ ਭਾਰੀ ਵਾਹਨਾਂ ਦੇ ਆਉਣ ਜਾਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਗਈ ਹੈ | ਇਸ ਦੇ ਬਾਵਜੂਦ ਵੀ ਇਨ੍ਹਾਂ ਪੁਲਾਂ ਤੋਂ ਹੈਵੀ ਗੱਡੀਆਂ ਦਾ ਆਉਣਾ ਜਾਣਾ ਲਗਾਤਾਰ ਚੱਲ ਰਿਹਾ ਹੈ | ਉਕਤ ਪੁਲ ਤੰਗ ਹੋਣ ਕਰਕੇ ਰੋਜ਼ਾਨਾ ਹੀ ਕਈ-ਕਈ ਦੇਰ ਜਾਮ ਲੱਗਿਆ ਰਹਿੰਦਾ ਹੈ | ਜ਼ਿਕਰਯੋਗ ਹੈ ਕਿ ਬੀਤੇ ਮਹੀਨੇ ਰਾਵੀ ਦਰਿਆ ਵਿਚ ਹੜ੍ਹ ਆਉਣ ਕਾਰਨ ਇਨ੍ਹਾਂ ਨਹਿਰਾਂ ਵਿਚ ਵੀ ਪਾਣੀ ਭਾਰੀ ਮਾਤਰਾ 'ਚ ਆ ਗਿਆ ਸੀ | ਪੁਲਾਂ ਤੇ ਨਹਿਰਾਂ ਦੇ ਕਿਨਾਰਿਆਂ ਦਾ ਭਾਰੀ ਨੁਕਸਾਨ ਹੋਇਆ ਸੀ ਉੱਥੇ ਹੀ ਇਨ੍ਹਾਂ ਨਹਿਰਾਂ ਕਿਨਾਰੇ ਬਣੇ ਪਾਰਕ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਏ ਸੀ ਜਿਨ੍ਹਾਂ ਨੂੰ ਬਣਾਉਣ ਦਾ ਕੰਮ ਹੁਣ ਲਗਾਤਾਰ ਚੱਲ ਰਿਹਾ ਹੈ | ਰਾਹਗੀਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਪੁਲਾਂ 'ਤੇ ਰੋਜ਼ਾਨਾ ਲੱਗ ਰਹੇ ਜਾਮ ਤੇ ਪਾਰਕਾਂ ਨਹਿਰਾਂ ਨੂੰ ਬਣਾਉਣ ਵਾਲੀ ਕੰਪਨੀ ਦੇ ਠੇਕੇਦਾਰਾਂ ਨੂੰ ਹਦਾਇਤ ਕੀਤੀ ਜਾਵੇ ਕਿ ਇਨ੍ਹਾਂ ਸੜਕਾਂ 'ਤੇ ਜੋ ਧੂੜ ਮਿੱਟੀ ਖਿੱਲਰੀ ਹੈ, ਉਸ ਨੂੰ ਸਾਫ਼ ਕੀਤਾ ਜਾਵੇ ਜਾਂ ਫਿਰ ਰੋਜ਼ਾਨਾ ਹੀ ਸਮੇਂ-ਸਮੇਂ 'ਤੇ ਪਾਣੀ ਦਾ ਛਿੜਕਾਅ ਕੀਤਾ ਜਾਵੇ ਤਾਂ ਜੋ ਰਾਹਗੀਰ ਅਤੇ ਦੁਕਾਨਦਾਰਾਂ ਨੂੰ ਉੱਡਦੀ ਧੂੜ ਮਿੱਟੀ ਤੋਂ ਨਿਜਾਤ ਮਿਲ ਸਕੇ |