15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਹੜ੍ਹ ਪੀੜਤ ਲੋਕਾਂ ਲਈ ਰਾਹਤ ਸਮੱਗਰੀ ਲੈ ਕੇ ਆਉਣ ਵਾਲੇ ਸਮਾਜ ਸੇਵੀਆਂ ਲਈ ਵੀ ਲਗਾ ਦਿੱਤੇ ਲੰਗਰ

ਅਜੀਤ ਡੈਸਕ 02-09-2025
ਫ਼ਤਹਿਗੜ੍ਹ ਚੂੜੀਆਂ, 1 ਸਤੰਬਰ (ਅਵਤਾਰ ਸਿੰਘ ਰੰਧਾਵਾ)-ਬੀਤੇ ਕੁੱਝ ਦਿਨਾਂ ਤੋਂ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਨਾਲ ਲੱਗਦੇ ਸਰਹੱਦੀ ਖੇਤਰ ਅੰਦਰ ਹੜ੍ਹ ਆਉਣ ਕਾਰਨ ਲੋਕਾਂ ਦਾ ਵੱਡਾ ਉਜਾੜਾ ਹੋ ਗਿਆ ਹੈ | ਹੜ੍ਹ ਪੀੜਤ ਲੋਕਾਂ ਦੇ ਮਕਾਨ ਢਹਿ-ਢੇਰੀ ਹੋ ਗਏ ਹਨ, ਬੇਸ਼ੱਕ ਪਾਣੀ ਦਾ ਪੱਧਰ ਕੁਝ ਨੀਵਾਂ ਹੋਇਆ ਹੈ, ਪਰ ਹਾਲੇ ਵੀ ਪਾਣੀ ਦੀ ਵੱਡੀ ਮਿਕਦਾਰ 'ਚ ਲੋਕ ਆਪਣੇ ਘਰਾਂ ਵਿਚ ਫਸੇ ਪਏ ਹਨ | ਵੱਡੇ ਉਜਾੜੇ ਦਾ ਸ਼ਿਕਾਰ ਹੋਏ ਲੋਕਾਂ ਦੀ ਸਹਾਇਤਾ ਲਈ ਨਿਰੰਤਰ ਪਸ਼ੂਆਂ ਦਾ ਚਾਰਾ, ਪਸ਼ੂਆਂ ਲਈ ਫੀਡ, ਪੀਣ ਵਾਲਾ ਪਾਣੀ ਤੇ ਖਾਣ ਪੀਣ ਦੀਆਂ ਵਸਤਾਂ ਲੈ ਕੇ ਟਰਾਲੀਆਂ, ਟਰੱਕ ਤੇ ਹੋਰ ਗੱਡੀਆਂ ਲੈ ਕੇ ਸਮਾਜਸੇਵੀ ਲੋਕ ਪਹੁੰਚ ਰਹੇ ਹਨ | ਵੱਡੀ ਗਿਣਤੀ 'ਚ ਸਮਾਜ ਸੇਵੀ ਲੋਕਾਂ ਵਲੋਂ ਜਗ੍ਹਾ-ਜਗ੍ਹਾ 'ਤੇ ਕੈਂਪ ਲਗਾ ਕੇ ਰਾਹਤ ਸਮੱਗਰੀ ਲੋੜਵੰਦਾਂ ਤੱਕ ਭੇਜੀ ਜਾ ਰਹੀ ਹੈ | ਹੜ੍ਹ ਪੀੜਤ ਤੇ ਇਲਾਕੇ ਦਾ ਦੌਰਾ ਕਰਨ 'ਤੇ ਲੋਕਾਂ ਵਲੋਂ ਸਲਾਹ ਮਸ਼ਵਰਾ ਦਿੰਦਿਆਂ ਹੜ੍ਹ ਪੀੜਤਾਂ ਦੀ ਸੇਵਾ ਲਈ ਰਾਹਤ ਕਾਰਜ ਭੇਜ ਰਹੇ ਲੋਕਾਂ ਅੱਗੇ ਅਪੀਲ ਕੀਤੀ ਹੈ ਕਿ ਰਾਹਤ ਸਮੱਗਰੀ ਬਹੁਤ ਪਹੁੰਚ ਚੁੱਕੀ ਹੈ, ਪਰ ਵੱਡੀ ਗਿਣਤੀ ਵਿਚ ਰਾਹਤ ਸਮੱਗਰੀ ਦੀਆਂ ਟਰਾਲੀਆਂ, ਗੱਡੀਆਂ ਪਹੁੰਚਣ ਨਾਲ ਬਹੁਤ ਕੁਝ ਖ਼ਰਾਬ ਹੋ ਰਿਹਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਪਾਣੀ ਦਾ ਪੱਧਰ ਹੇਠਾਂ ਆਉਣ 'ਤੇ ਹੀ ਅਸਲ ਹੜ੍ਹ ਪੀੜਤ ਲੋਕਾਂ ਤੱਕ ਰਾਹਤ ਸਮੱਗਰੀ ਪੁੱਜਦਾ ਹੋਣੀ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਅਗਲੇ ਦਿਨਾਂ 'ਚ ਅਸਲੀ ਪਤਾ ਲੱਗੇਗਾ ਕਿ ਕਿੱਥੇ ਕਿਹੜੀ ਚੀਜ਼ ਦੀ ਲੋੜ ਹੈ, ਫਿਰ ਉਸ ਮੁਤਾਬਿਕ ਲੋੜੀਂਦੀ ਸਹਾਇਤਾ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਇਹ ਕੋਈ 1-2 ਦਿਨ ਦੀ ਖੇਡ ਨਹੀਂ, ਹੜ੍ਹ ਪੀੜਤਾਂ ਦਾ ਦੁਖਾਂਤ ਲੰਬਾ ਸਮਾਂ ਚੱਲੇਗਾ ਤੇ ਲੰਮਾ ਸਮਾਂ ਹੀ ਉਨ੍ਹਾਂ ਨੂੰ ਰਾਹਤ ਦੀ ਲੋੜ ਪੈਣੀ ਹੈ, ਜਿਸ ਕਰਕੇ ਸਾਰੇ ਸਮਾਜਸੇਵੀ ਲੋਕ ਅਗਲੇ ਸਮੇਂ ਨੂੰ ਮੁੱਖ ਰੱਖਦਿਆਂ ਸੰਜੀਦਗੀ ਤੋਂ ਕੰਮ ਲੈਣ | ਹੜ੍ਹ ਪੀੜਤਾਂ ਨਾਲ ਪੰਜਾਬ ਭਰ ਦੇ ਲੋਕਾਂ ਵਲੋਂ ਬਹੁਤ ਵੱਡੀ ਹਮਦਰਦੀ ਵਿਖਾਈ ਜਾ ਰਹੀ ਹੈ, ਜਦ ਕਿ ਰਾਹਤ ਸਮੱਗਰੀ ਲੈ ਕੇ ਆਉਣ ਵਾਲੀਆਂ ਸੰਗਤਾਂ ਦੀ ਸੇਵਾ ਲਈ ਸਰਹੱਦੀ ਖੇਤਰ ਦੇ ਲੋਕਾਂ ਤੇ ਸੰਸਥਾਵਾਂ ਵਲੋਂ ਜਗ੍ਹਾ-ਜਗ੍ਹਾ 'ਤੇ ਕੈਂਪ ਲਗਾ ਕੇ ਤੇ ਅੱਡਿਆਂ ਉੱਪਰ ਮੇਨ ਸੜਕਾਂ 'ਤੇ ਲੰਗਰ ਤੇ ਚਾਹ-ਪਾਣੀ ਤਿਆਰ ਕਰ ਕੇ ਛਕਾਏ ਜਾ ਰਹੇ ਹਨ ਤੇ ਟਰੈਕਟਰ-ਟਰਾਲੀਆਂ ਤੇ ਹੜ੍ਹ ਪੀੜਤਾਂ ਦੇ ਘਰਾਂ ਤੱਕ ਪਹੁੰਚ ਕਰ ਕੇ ਉਨ੍ਹਾਂ ਨੂੰ ਲੰਗਰ ਤੇ ਹੋਰ ਵਸਤਾਂ ਪੁੱਜਦਾ ਕੀਤੀਆਂ ਜਾ ਰਹੀਆਂ ਹਨ | ਜਿਵੇਂ-ਜਿਵੇਂ ਪਾਣੀ ਦਾ ਪੱਧਰ ਸੜਕਾਂ-ਰਸਤਿਆਂ ਤੋਂ ਹੇਠਾਂ ਜਾ ਰਿਹਾ ਹੈ, ਤਿਵੇਂ-ਤਿਵੇਂ ਸਮਾਜ ਸੇਵੀ ਨੌਜਵਾਨ ਤੇ ਹੋਰ ਲੋਕ ਅੱਗੇ ਵੱਧਦੇ ਨਜ਼ਰ ਆਉਂਦੇ ਹਨ ਅਤੇ ਹੜ੍ਹ ਪੀੜਤਾਂ ਦੀ ਸੇਵਾ ਕਰ ਕੇ ਉਨ੍ਹਾਂ ਦੇ ਹੌਂਸਲੇ ਬੁਲੰਦ ਕਰ ਰਹੇ ਹਨ |
ਪਿਛਲੀ ਖ਼ਬਰ ਐਮ.ਪੀ.ਐਚ.ਡਬਲਯੂ. ਵਰਕਰ ਤੇ ਸੁਪਰਵਾਈਜ਼ਰ ਯੂਨੀਅਨ ਵਲੋਂ ਸਿਹਤ ਮੰਤਰੀ ਨੂੰ ਮੰਗ ਪੱਤਰ ਅਗਲੀ ਖ਼ਬਰ ਸ਼ੋ੍ਰਮਣੀ ਕਮੇਟੀ ਮੈਂਬਰ ਸਵਰਗੀ ਜਥੇਦਾਰ ਸੱਜਣ ਸਿੰਘ ਬੱਜੂਮਾਨ ਤੇ ਉਨ੍ਹਾਂ ਦੀ ਧਰਮਪਤਨੀ ਬਲਜੀਤ ਕੌਰ ਦੀ ਬਰਸੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।