ਡੇਰਾ ਬਾਬਾ ਨਾਨਕ, 31 ਅਗਸਤ (ਵਿਜੇ ਸ਼ਰਮਾ, ਹੀਰਾ ਸਿੰਘ ਮਾਂਗਟ)-ਦਰਿਆ ਰਾਵੀ ਦੀ ਮਾਰ ਨਾਲ ਪ੍ਰਭਾਵਿਤ ਹੋਏ ਪਰਿਵਾਰਾਂ ਦੀ ਸਾਰ ਲੈਣ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਜਾਨਣ ਲਈ ਅੱਜ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਡੇਰਾ ਬਾਬਾ ਨਾਨਕ ਦੇ ਨਾਲ ਲੱਗਦੇ ਸਰਹੱਦੀ ਖੇਤਰ ਦਾ ਦੌਰਾ ਕੀਤਾ | ਇਸ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ, ਜ਼ਿਲ੍ਹਾ ਪ੍ਰਧਾਨ ਜਥੇ. ਸੁੱਚਾ ਸਿੰਘ ਲੰਗਾਹ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨਾਲ ਕਰਤਾਰਪੁਰ ਸਾਹਿਬ ਦੇ ਲਾਂਘੇ ਉੱਪਰ ਪਹੰਚੇ ਸ: ਬਾਦਲ ਨੇ ਪੰਜਾਬ ਅਤੇ ਪੰਜਾਬੀਆਂ ਦੀ ਚੜ੍ਹਦੀ ਕਲਾ ਤੇ ਹੜ੍ਹ ਵਰਗੀ ਤਰਾਸਦੀ ਤੋਂ ਉ1ਭਰਨ ਲਈ ਕਰਤਾਰਪੁਰ ਸਾਹਿਬ ਦੇ ਸਨਮੁੱਖ ਅਰਦਾਸ ਕੀਤੀ | ਪੰਜਾਬ ਅੰਦਰ ਪੈਦਾ ਹੋਏ ਹੜ੍ਹ ਵਰਗੇ ਹਲਾਤਾਂ ਲਈ ਸੂਬੇ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਸ: ਬਾਦਲ ਨੇ ਕਿਹਾ ਕਿ ਕਿਸੇ ਵੀ ਸੂਬੇ ਅੰਦਰ ਹੜ੍ਹ ਆਉਣੇ ਕੁਦਰਤੀ ਵਰਤਾਰਾ ਹੈ, ਪਰ ਸੂਬਾ ਸਰਕਾਰਾਂ ਦਾ ਇਹ ਫਰਜ਼ ਹੁੰਦਾ ਹੈ ਕਿ ਉਹ ਲੋਕਾਂ ਦੀ ਜਾਨ, ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਹੜ੍ਹਾਂ ਦੀ ਰੋਕਥਾਮ ਲਈ ਅਗਾਊਾ ਪ੍ਰਬੰਧ ਕਰੇ | ਉਨ੍ਹਾਂ ਮੌਜੂਦਾ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਵਲੋਂ ਸਮਾਂ ਰਹਿੰਦਿਆਂ ਨਾ ਤਾਂ ਸੇਮ ਨਾਲਿਆਂ ਦੀ ਸਫਾਈ ਕਰਵਾਈ ਗਈ ਤੇ ਨਾ ਹੀ ਧੁੱਸੀ ਬੰਨਾਂ ਦੀ ਮਜ਼ਬੂਤੀ ਲਈ ਕੋਈ ਧੇਲਾ ਖਰਚਿਆ ਗਿਆ, ਜਿਸ ਦਾ ਨਤੀਜਾ ਪੰਜਾਬ ਦੇ ਲੋਕਾਂ ਨੂੰ ਹੜ੍ਹਾਂ ਦੇ ਰੂਪ 'ਚ ਝੱਲਣਾ ਪਿਆ | ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਬਰਬਾਦ ਹੋਈਆਂ ਫਸਲਾਂ ਦੇ ਮੁਆਵਜੇ ਅਤੇ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ 10 ਹਜ਼ਾਰ ਕਰੋੜ ਦਾ ਪੈਕੇਜ ਜਾਰੀ ਕਰੇ ਤਾਂ ਜੋ ਦੇਸ਼ ਦਾ ਢਿੱਡ ਭਰਨ ਵਾਲੇ ਪੰਜਾਬ ਨੂੰ ਮੁੜ ਪੈਰਾਂ ਉੱਪਰ ਖੜਾ ਕੀਤਾ ਜਾ ਸਕੇ | ਸ: ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਸੂਬੇ ਦੇ ਹਲਾਤਾਂ ਨੂੰ ਆਮ ਵਰਗਾ ਬਣਾਉਣ ਦੀ ਜ਼ਿੰਮੇਵਾਰੀ ਭਾਰਤੀ ਫੌਜ ਨੂੰ ਦਿੱਤੀ ਜਾਵੇ, ਕਿਉਂਕਿ ਏਨੇ ਵੱਡੇ ਪੱਧਰ 'ਤੇ ਹੋਏ ਨੁਕਸਾਨ ਦੀ ਭਰਪਾਈ ਕਰਨਾ ਪੰਜਾਬ ਸਰਕਾਰ ਦੇ ਵੱਸ ਦੀ ਗੱਲ ਨਹੀ ਹੈ | ਉਨ੍ਹਾਂ ਕਿਹਾ ਕਿ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਜਿਥੇ ਖਾਲਸਾ ਏਡ, ਸਮਾਜ ਸੇਵੀ ਜਥੇਬੰਦੀਆਂ ਅਤੇ ਭਾਰਤੀ ਫੌਜ ਅੱਗੇ ਆਈ ਹੈ, ਉਥੇ ਹੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਆਪਣੀ ਡਿਉੂਟੀ ਬੜੀ ਜ਼ਿੰਮੇਵਾਰੀ ਨਾਲ ਨਿਭਾਈ ਜਾ ਰਹੀ ਹੈ | ਉਨ੍ਹਾਂ ਸੁਮੱਚੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਆਓ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹੜ੍ਹ ਪੀੜਤਾਂ ਦੀ ਬਾਂਹ ਫੜੀਏ, ਕਿਉਂਕਿ ਇਹ ਸਮਾਂ ਸਿਆਸਤ ਕਰਨ ਦਾ ਨਹੀਂ, ਸਗੋਂ ਪੰਜਾਬੀਆਂ ਦੇ ਨਾਲ ਖੜਨ ਦਾ ਹੈ | ਇਸ ਮੌਕੇ ਸੁਖਜਿੰਦਰ ਸਿੰਘ ਲੰਗਾਹ, ਸਾਬਕਾ ਚੇਅਰਮੈਨ ਸੁਖਬੀਰ ਸਿੰਘ ਵਾਹਲਾ, ਕੰਵਲਪ੍ਰੀਤ ਸਿੰਘ ਕਾਕੀ, ਤਰਲੋਕ ਸਿੰਘ ਬਾਠ, ਮੈਨੇਜਰ ਸਤਨਾਮ ਸਿੰਘ ਗੌਸਲ, ਮੈਨੇਜਰ ਰਣਜੀਤ ਸਿੰਘ ਕਲਿਆਣਪੁਰ, ਸਾਬਕਾ ਚੇਅਰਮੈਨ ਗੁਰਦੇਵ ਸਿੰਘ ਧਾਰੋਵਾਲੀ, ਪਲਵਿੰਦਰ ਸਿੰਘ ਲੰਬੜਦਾਰ, ਜਥੇ. ਰਜਿੰਦਰ ਸਿੰਘ ਵੈਰੋਕੇ, ਬਲਦੇਵ ਸਿੰਘ ਤਪਾਲਾ, ਧਰਮਪਾਲ ਸਿੰਘ ਸ਼ਹਿਰੀ ਪ੍ਰਧਾਨ, ਤੇਜਬੀਰ ਸਿੰਘ ਪੱਡਾ ਪੀ.ਏ., ਗੁਰਪ੍ਰੀਤ ਸਿੰਘ ਬਾਦਲ, ਸਤਨਾਮ ਸਿੰਘ ਪਟਵਾਰੀ, ਅਮਰਜੀਤ ਸਿੰਘ ਝੰਗੀ, ਜਸਪਿੰਦਰ ਸਿੰਘ ਝੰਗੀ, ਹਰਸਿਮਰਤ ਬਾਜਵਾ, ਡਾ. ਕੰਵਲਜੀਤ ਸਿੰਘ ਉਦੋਵਾਲੀ, ਨਵਜੀਤ ਸਿੰਘ ਉਦੋਵਾਲੀ, ਸੁਰਜੀਤ ਸਿੰਘ ਚਾਕਾਂਵਾਲੀ ਸਮੇਤ ਸੈਂਕੜੇ ਅਕਾਲੀ ਵਰਕਰ ਹਾਜ਼ਰ ਸਨ |