ਬਹਿਰਾਮਪੁਰ, 31 ਅਗਸਤ (ਪ੍ਰੋ: ਬਲਬੀਰ ਸਿੰਘ ਕੋਲਾ)-ਵਿਧਾਨ ਸਭਾ ਹਲਕਾ ਦੀਨਾਨਗਰ ਦੇ ਰਾਵੀ ਦਰਿਆ ਦੇ ਹੜ੍ਹ ਦੀ ਲਪੇਟ ਵਿਚ ਆਏ ਵੱਖ-ਵੱਖ ਪਿੰਡਾਂ ਦਾ ਅਰੁਣਾ ਚੌਧਰੀ ਵਲੋਂ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਵੀ ਹਾਜ਼ਰ ਸਨ | ਵਿਧਾਇਕਾ ਅਰੁਣਾ ਚੌਧਰੀ ਨੇ ਆਬਾਦੀ ਚੰਡੀਗੜ੍ਹ, ਬਸਤੀ ਨਵਾਂ ਟਾਂਡਾ ਅਤੇ ਜੁੱਗੋਚੱਕ ਟਾਂਡਾ ਵਿਖੇ ਹੋਏ ਭਾਰੀ ਨੁਕਸਾਨ ਦਾ ਜਾਇਜ਼ਾ ਲਿਆ ਗਿਆ | ਉਨ੍ਹਾਂ ਨੇ ਇਨ੍ਹਾਂ ਪਿੰਡਾਂ ਲਈ ਵਿਸ਼ੇਸ਼ ਪੈਕੇਜ ਜਾਰੀ ਕਰਨ ਲਈ ਸਰਕਾਰ ਤੋਂ ਮੰਗ ਕੀਤੀ | ਉਨ੍ਹਾਂ ਪਿੰਡ ਮਕੌੜਾ, ਝਬਕਰਾ ਅਤੇ ਗੁਰੂ ਨਾਭਾ ਦਾਸ ਕਾਲੋਨੀ ਝਬਕਰਾ ਅਤੇ ਜੋਗਰ ਵਿਚ ਵੀ ਹੜ੍ਹਾਂ ਨਾਲ ਹੋਈ ਮਾਰ ਨੰੂ ਦੇਖਿਆ | ਪਿੰਡ ਜੁੱਗੋਚੱਕ ਟਾਂਡਾ ਅਤੇ ਬਸਤੀ ਨਵਾਂ ਟਾਂਡਾ ਨੰੂ ਜੋੜਦੀ ਧੁੱਸੀ ਦੇ ਬੰਨ੍ਹ ਟੁੱਟਣ ਨਾਲ ਇਹ ਰਿਹਾਇਸ਼ੀ ਇਲਾਕਾ ਵੀ ਦਰਿਆ ਦਾ ਹਿੱਸਾ ਹੀ ਬਣ ਗਿਆ | ਇੱਥੋਂ ਦੇ ਲੋਕਾਂ ਦਾ ਸਭ ਕੁਝ ਹੜ੍ਹ ਵਿਚ ਰੁੜ ਗਿਆ | ਅਰੁਣਾ ਚੌਧਰੀ ਨੇ ਕਿਹਾ ਕਿ ਇੱਥੋਂ ਦੇ ਲੋਕਾਂ ਨੰੂ ਮੁੜ ਵਸਾਉਣ ਦੀ ਲੋੜ ਹੈ | ਜਿਸ ਲਈ ਉਹ ਵਿਧਾਨ ਸਭਾ ਵਿਚ ਆਵਾਜ਼ ਉਠਾਉਣਗੇ ਅਤੇ ਸਰਕਾਰ ਵਲੋਂ ਮੁਆਵਜ਼ਾ ਦਿਵਾਉਣ ਲਈ ਹਰ ਸੰਭਵ ਯਤਨ ਕਰਨਗੇ | ਇਸ ਮੌਕੇ ਹਰਵਿੰਦਰ ਸਿੰਘ ਭੱਟੀ, ਦਲਬੀਰ ਸਿੰਘ ਬਿੱਟੂ ਬਲਾਕ ਪ੍ਰਧਾਨ, ਵਰਿੰਦਰ ਸਿੰਘ ਨੌਸ਼ਹਿਰਾ, ਕੁਲਦੀਪ ਸਿੰਘ ਮੱਟਮ, ਪ੍ਰਵੀਨ ਸਿੰਘ ਬਾਹਮਣੀ, ਬਲਦੇਵ ਸਿੰਘ ਸੁਲਤਾਨੀ, ਰਾਣਾ ਬਹਿਰਾਮਪੁਰ, ਪਵਨ ਕੁਮਾਰ ਧਮਰਾਈ, ਅਸ਼ਵਨੀ ਮਲਹੋਤਰਾ, ਚੇਅਰਮੈਨ ਜਿੰਮੀ ਬਰਾੜ, ਦਿਗਵਿਜੇ ਸਿੰਘ, ਪ੍ਰਸ਼ੋਤਮ ਸਿੰਘ, ਮੰਗਲ ਸਿੰਘ ਰਾਊਵਾਲ, ਰਜਿੰਦਰ ਸਿੰਘ, ਡਾ: ਰਾਜ ਕੁਮਾਰ ਅਤੇ ਹੋਰ ਹਾਜ਼ਰ ਸਨ |