ਪਠਾਨਕੋਟ, 21 ਜੁਲਾਈ (ਵਿਨੋਦ/ਆਸ਼ੀਸ਼ ਸ਼ਰਮਾ)-ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਵਿਭਾਗ ਪਠਾਨਕੋਟ ਵਲੋਂ ਡਾਇਰੈਕਟਰ ਆਯੁਰਵੈਦਾਂ ਪੰਜਾਬ ਚੰਡੀਗੜ੍ਹ ਡਾ: ਰਵੀ ਕੁਮਾਰ ਡੂਮਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪਠਾਨਕੋਟ ਅੰਦਰ ਆਯੁਰਵੈਦਿਕ ਅਤੇ ਹੋਮਿਓਪੈਥਿਕ ਦੁਆਰਾ ਕੀਤੇ ਜਾਣ ਵਾਲੇ ਇਲਾਜਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਆਯੁਰਵੈਦਿਕ ਕੈਂਪ ਲਗਾਏ ਜਾ ਰਹੇ ਹਨ | ਜ਼ਿਲ੍ਹਾ ਪਠਾਨਕੋਟ ਅੰਦਰ ਚੇਅਰਮੈਨ ਜ਼ਿਲ੍ਹਾ ਆਯੂਸ਼ ਸੁਸਾਇਟੀ ਪਠਾਨਕੋਟ ਅਦਿੱਤਿਆ ਉੱਪਲ ਦੇ ਆਦੇਸ਼ਾਂ ਅਨੁਸਾਰ ਪਹਿਲਾ ਆਯੂਰਵੈਦਿਕ ਕੈਂਪ ਸ਼ੀਤਲਾ ਮਾਤਾ ਮੰਦਿਰ ਪਠਾਨਕੋਟ ਵਿਖੇ ਡਾ: ਸੁਰਿੰਦਰ ਪਾਲ ਕੌਰ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਪਠਾਨਕੋਟ ਦੀ ਪ੍ਰਧਾਨਗੀ ਵਿਚ ਲਗਾਇਆ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ: ਸੋਨਮ ਧੀਮਾਨ, ਡਾ: ਪੰਕਜ ਸਿੰਘ, ਡਾ: ਵਿਕਰ, ਡਾ: ਪ੍ਰੀਤ ਬਨੋਤਰਾ, ਸੰਦੀਪ ਕੁਮਾਰ, ਅਭਿਸ਼ੇਕ ਸ਼ਰਮਾ, ਮੁਕੇਸ਼ ਕੁਮਾਰ, ਜਤਿਨ ਸ਼ਰਮਾ, ਅੰਕੁਸ਼ ਸ਼ਰਮਾ ਅਤੇ ਹੋਰ ਵਿਭਾਗੀ ਅਧਿਕਾਰੀ ਵੀ ਹਾਜ਼ਰ ਸਨ | ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਪਠਾਨਕੋਟ ਡਾ: ਸੁਰਿੰਦਰ ਪਾਲ ਕੌਰ ਨੇ ਦੱਸਿਆ ਕਿ ਅੱਜ ਲਗਾਏ ਗਏ ਕੈਂਪ ਵਿਚ 540 ਰੋਗੀਆਂ ਦੀ ਜਾਂਚ ਕੀਤੀ ਗਈ ਅਤੇ ਫਰੀ ਦਵਾਈਆਂ ਵੀ ਦਿੱਤੀਆਂ ਗਈਆਂ | ਉਨ੍ਹਾਂ ਦੱਸਿਆ ਕਿ ਅਜਿਹੇ ਕੈਂਪ ਭਵਿੱਖ ਅੰਦਰ 23 ਜੁਲਾਈ ਨੂੰ ਛਤਵਾਲ ਅਤੇ ਬਮਿਆਲ ਵਿਖੇ 28 ਜੁਲਾਈ ਨੂੰ ਪਿੰਡ ਬੜੋਈ ਝਿਕਲੀ, 29 ਜੁਲਾਈ ਨੂੰ ਪਿੰਡ ਲੰਝੇਰਾ, 4 ਅਗਸਤ ਨੂੰ ਹਰਿਆਲ, 5 ਅਗਸਤ ਨੂੰ ਨਰੋਟ ਮਹਿਰਾ, 6 ਅਗਸਤ ਨੂੰ ਮੀਰਥਲ, 11 ਅਗਸਤ ਨੂੰ ਪਿੰਡ ਕੀੜੀ ਖ਼ੁਰਦ ਅਤੇ ਦੁਨੇਰਾ, 13 ਅਗਸਤ ਨੂੰ ਬਿਰਕੁਲੀ, 18 ਅਗਸਤ ਨੂੰ ਠਾਕੁਰਪੁਰ, 20 ਅਗਸਤ ਨੂੰ ਕਥਲੌਰ, 25 ਅਗਸਤ ਨੂੰ ਪਤਰਾਲਵਾਂ ਅਤੇ 27 ਅਗਸਤ ਨੂੰ ਸ੍ਰੀ ਬਾਰਠ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਜਾਵੇਗਾ | ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਲਗਾਏ ਜਾ ਰਹੇ ਇਨ੍ਹਾਂ ਕੈਂਪਾਂ ਵਿਚੋਂ ਜ਼ਿਆਦਾ ਤੋਂ ਜ਼ਿਆਦਾ ਲਾਭ ਪ੍ਰਾਪਤ ਕਰੋ, ਨਿਰੋਗ ਰਹੋ ਅਤੇ ਸਿਹਤਮੰਦ ਰਹੋ |