ਬਟਾਲਾ, 21 ਜੁਲਾਈ (ਰਾਕੇਸ਼ ਰੇਖੀ)-ਬਟਾਲਾ ਦੇ ਪਿੰਡ ਜਾਂਗਲਾ ਨੇੜੇ ਨਹਿਰ ਵਿੱਚ ਐਤਵਾਰ ਸ਼ਾਮ ਨਹਾਉਣ ਗਿਆ ਨੌਜਵਾਨ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਿਆ ਸੀ, ਸੋਮਵਾਰ ਦੇਰ ਸ਼ਾਮ ਤੱਕ ਵੀ ਉਸ ਦਾ ਕੋਈ ਪਤਾ ਨਹੀਂ ਲੱਗਿਆ | ਪਿੰਡ ਬੋਹੜਾਂਵਾਲ ਦਾ ਰਹਿਣ ਵਾਲਾ ਸਾਜਨ ਮਸੀਹ ਪੁੱਤਰ ਸੁਖਦੇਵ ਸੁੱਖਾ ਬੱਦੋਵਾਲ ਦੇ ਰਹਿਣ ਵਾਲੇ ਤਿੰਨ ਰਿਸ਼ਤੇਦਾਰਾਂ ਨਾਲ ਨਹਾਉਣ ਗਿਆ ਸੀ | ਸਾਜਨ ਦੇ ਜੀਜਾ ਯੂਨਸ ਮਸੀਹ, ਭਤੀਜਾ ਬਲਕਾਰ ਅਤੇ ਰਿਸ਼ਤੇਦਾਰ ਮੰਗਜੀਤ ਮੰਗਾ ਨੇ ਦੱਸਿਆ ਕਿ 25 ਸਾਲ ਦਾ ਸਾਜਨ ਆਪਣੇ ਰਿਸ਼ਤੇਦਾਰਾਂ ਨਾਲ ਐਤਵਾਰ ਸ਼ਾਮ ਅਲੀਵਾਲ ਨੇੜੇ ਪਿੰਡ ਜਾਂਗਲਾ ਤੋਂ ਲੰਘਦੀ ਅਪਰਬਾਰੀ ਦੁਆਬ ਨਹਿਰ ਵਿੱਚ ਨਹਾਉਣ ਲਈ ਗਿਆ ਸੀ, ਸਾਜਨ ਨੇ ਨਹਿਰ ਵਿੱਚ ਛਾਲ ਮਾਰੀ ਤਾਂ ਤੇਜ਼ ਵਹਾ ਕਾਰਨ ਪਾਣੀ ਵਿੱਚ ਰੁੜਨ ਲੱਗ ਪਿਆ, ਉਸ ਨੂੰ ਬਚਾਉਣ ਲਈ ਲੋਕਾਂ ਵਲੋਂ ਕਾਫੀ ਕੋਸ਼ਿਸ਼ ਕੀਤੀ ਗਈ ਤੇਜ਼ ਵਹਾ ਕਾਰਨ ਉਹ ਹੱਥ ਨਹੀਂ ਆਇਆ, ਰੁੜਦਾ ਹੋਇਆ ਅੱਗੇ ਚਲਾ ਗਿਆ | ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਥਾਣਾ ਘਣੀਏ ਕੇ ਬਾਂਗਰ ਦੇ ਐੱਸਆਈ ਪ੍ਰਗਟ ਸਿੰਘ ਨੇ ਦੱਸਿਆ ਕਿ ਸਾਰਾ ਦਿਨ ਸਾਜਨ ਦੀ ਤਲਾਸ਼ ਕੀਤੀ ਗਈ, ਪਰ ਕੋਈ ਪਤਾ ਨਹੀਂ ਲੱਗਾ | ਸਾਜਨ ਦੀ ਭਾਲ ਲਈ ਗੋਤਾਖੋਰ ਬੁਲਾਏ ਗਏ ਹਨ ਅਤੇ ਉਸ ਦੀ ਭਾਲ ਲਈ ਪਾਣੀ ਦਾ ਵਹਾ ਰੋਕ ਕੇ ਨਹਿਰ ਖੰਗਾਲੀ ਜਾਵੇਗੀ |