ਫ਼ਤਹਿਗੜ੍ਹ ਚੂੜੀਆਂ, 19 ਜੁਲਾਈ (ਅਵਤਾਰ ਸਿੰਘ ਰੰਧਾਵਾ)-ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਅਧੀਨ ਪੈਂਦੇ ਪਿੰਡ ਲੰਗਰਵਾਲ ਦੇ ਕਿਸਾਨ ਦਾ ਬਰਸਾਤ ਕਾਰਨ ਪੋਲਟਰੀ ਫ਼ਾਰਮ ਢਹਿ-ਢੇਰੀ ਹੋ ਗਿਆ, ਜਿਸ ਨਾਲ ਕਰੀਬ 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਅਤੇ ਸ਼ੈੱਡ ਵਿਚ ਕਰੀਬ ਸਾਢੇ 6 ਹਜ਼ਾਰ ਜਾਨਵਰ ਮਰ ਗਿਆ ਹੈ | ਇਸ ਦੁੱਖਦਾਈ ਹਾਲਤ ਵਿਚ ਪਰਿਵਾਰ ਸਮੇਤ ਜਾਣਕਾਰੀ ਦਿੰਦੇ ਹੋਏ ਸ਼ੈੱਡ ਦੇ ਮਾਲਕ ਕਿਸਾਨ ਸੁਖਬੀਰ ਸਿੰਘ ਪੁੱਤਰ ਅਜੀਤ ਸਿੰਘ ਦੇ ਨਾਲ ਭਾਰਤੀ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂਵਾਲੀ ਅਤੇ ਕਿਸਾਨ ਆਗੂ ਬਾਬਾ ਪ੍ਰਕਾਸ਼ ਸਿੰਘ ਵੀਲਾ ਤੇਜਾ ਨੇ ਦੱਸਿਆ ਕਿ ਗਰੀਬ ਕਿਸਾਨ ਨੇ ਆਪਣੀ ਜ਼ਮੀਨ ਵੇਚ ਕੇ ਆਪਣੇ ਪਰਿਵਾਰ ਦੀ ਰੋਟੀ-ਰੋਜ਼ੀ ਚਲਾਉਣ ਲਈ 2 ਮੰਜ਼ਿਲਾਂ ਪੋਲਟਰੀ ਫ਼ਾਰਮ ਬਣਾ ਕੇ ਸਹਾਇਕ ਧੰਦਾ ਸ਼ੁਰੂ ਕੀਤਾ ਸੀ, ਜਿਸ ਦੇ ਬੱਚੇ ਛੋਟੇ ਹਨ ਤੇ ਕਮਾਈ ਦਾ ਸਾਧਨ ਕੋਈ ਨਹੀਂ ਹੈ | ਸ਼ੈੱਡ ਦਾ ਨੁਕਸਾਨ ਹੋਣ ਕਰਕੇ ਕਰੀਬ 20 ਲੱਖ ਰੁਪਏ ਦਾ ਵੱਡਾ ਨੁਕਸਾਨ ਹੋ ਗਿਆ ਹੈ, ਜਿਸ ਨਾਲ ਪਰਿਵਾਰ ਨਿਰਾਸ਼ਾ ਦੇ ਆਲਮ ਵਿਚ ਫਸ ਗਿਆ ਹੈ | ਉਨ੍ਹਾਂ ਪੰਜਾਬ ਸਰਕਾਰ ਅੱਗੇ ਮੰਗ ਕੀਤੀ ਕਿ ਪਰਿਵਾਰ ਦੀ ਰੋਟੀ ਰੋਜ਼ੀ ਚਲਾਉਣ ਲਈ ਉਸ ਦੀ ਢੁੱਕਵੇਂ ਮੁਆਵਜ਼ੇ ਵਜੋਂ ਆਰਥਿਕ ਪੱਖੋਂ ਬਾਂਹ ਫੜੀ ਜਾਵੇ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਹ ਐਸ.ਡੀ.ਐਮ. ਨੂੰ ਮੰਗ ਪੱਤਰ ਰਾਹੀਂ ਬੇਨਤੀ ਵੀ ਕਰਨਗੇ | ਇਸ ਮੌਕੇ ਸਾਬਕਾ ਸਰਪੰਚ ਸੁਲੱਖਣ ਸਿੰਘ, ਗੁਰਮੀਤ ਸਿੰਘ, ਰਮੇਸ਼ ਸਿੰਘ, ਅਮਨਦੀਪ ਕੌਰ, ਹਰਮਨਪ੍ਰੀਤ ਸਿੰਘ, ਗੁਰਦੀਪ ਸਿੰਘ, ਕੁਲਵਿੰਦਰ ਕੌਰ, ਰਵਿੰਦਰ ਕੌਰ, ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ |