ਗੁਰਦਾਸਪੁਰ, 18 ਜੁਲਾਈ (ਅਸ਼ੋਕ ਸ਼ਰਮਾ)-ਪਾਵਰਕਾਮ ਸਬ ਡਵੀਜ਼ਨ ਪੁਰਾਣਾ ਸ਼ਾਲਾ ਦੀ ਇਮਾਰਤ ਦੀ ਖਸਤਾ ਹਾਲਤ ਨੰੂ ਲੈ ਕੇ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਪ੍ਰਧਾਨ ਗੁਰਦੇਵ ਸਿੰਘ ਅਤੇ ਸਕੱਤਰ ਰਣਜੀਤ ਸਿੰਘ ਟੋਨਾ ਦੀ ਅਗਵਾਈ ਹੇਠ ਉਪ ਮੰਡਲ ਅਫ਼ਸਰ ਨੰੂ ਮੰਗ-ਪੱਤਰ ਦੇ ਕੇ ਇਮਾਰਤ ਦੀ ਹਾਲਤ ਸੁਧਾਰਨ ਦੀ ਗੁਹਾਰ ਲਗਾਈ ਗਈ | ਪ੍ਰਧਾਨ ਗੁਰਦੇਵ ਸਿੰਘ ਨੇ ਦੱਸਿਆ ਕਿ ਪਾਵਰਕਾਮ ਦੀ ਬਿਲਡਿੰਗ 1986 'ਚ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਵੇਲੇ ਬਣੀ ਸੀ ਅਤੇ ਉਸ ਤੋਂ ਬਾਅਦ ਵਿਭਾਗ ਨੇ ਇਸ ਦੀ ਮੁਰੰਮਤ ਨਹੀਂ ਕਰਵਾਈ | ਹੁਣ ਇਮਾਰਤ ਦੀ ਹਾਲਤ ਅਜਿਹੀ ਬਣੀ ਹੈ ਕਿ ਗਰਮੀਆਂ ਤੇ ਬਰਸਾਤਾਂ ਦੇ ਦਿਨਾਂ 'ਚ ਦਫ਼ਤਰ ਦਾ ਪਲੱਸਤਰ ਛੱਤਾਂ ਤੋਂ ਆਪ ਮੁਹਾਰੇ ਹੇਠਾਂ ਡਿੱਗ ਪੈਂਦਾ ਹੈ, ਇਸ ਨਾਲ ਮੁਲਾਜ਼ਮ ਸੱਟਾਂ ਲਗਵਾ ਕੇ ਜ਼ਖ਼ਮੀ ਹੋਏ ਹਨ | ਉਨ੍ਹਾਂ ਦੱਸਿਆ ਕਿ ਬਰਸਾਤਾਂ ਦੇ ਦਿਨਾਂ 'ਚ ਛੱਤਾਂ ਚੋਂਦੀਆਂ ਹੋਣ ਕਾਰਨ ਸਰਕਾਰੀ ਰਿਕਾਰਡ ਖ਼ਰਾਬ ਹੋ ਰਿਹਾ ਹੈ ਅਤੇ ਮਹਿਕਮੇ ਨੰੂ ਇਸ ਪਾਸੇ ਧਿਆਨ ਦੇਣ ਬਾਰੇ ਲਿਖਤੀ ਜਾਣੂ ਕਰਵਾਇਆ ਹੈ, ਫਿਰ ਵੀ ਇਮਾਰਤ ਦੀ ਕੋਈ ਮੁਰੰਮਤ ਨਹੀਂ ਕਰਵਾ ਰਿਹਾ | ਉਪ ਮੰਡਲ ਅਫ਼ਸਰ ਇੰਜੀ: ਪੰਕਜ ਦਿਗਪਾਲ ਨੇ ਮੰਗ ਪੱਤਰ ਲੈਣ ਤੋਂ ਬਾਅਦ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਮੰਗ ਨੰੂ ਫ਼ੌਰੀ ਤੌਰ 'ਤੇ ਅਫ਼ਸਰਾਂ ਤੱਕ ਪਹੁੰਚਾ ਕੇ ਹੱਲ ਕਰਵਾਉਣ ਨੰੂ ਤਰਜ਼ੀਹ ਦਿੱਤੀ ਜਾਵੇਗੀ | ਯੂਨੀਅਨ ਆਗੂਆਂ ਨੇ ਪਾਵਰਕਾਮ ਦੇ ਚੇਅਰਮੈਨ ਪਟਿਆਲਾ ਪਾਸੋਂ ਮੰਗ ਕੀਤੀ ਕਿ ਪੁਰਾਣਾ ਸ਼ਾਲਾ ਇਮਾਰਤ ਲਈ ਫ਼ੰਡ ਜਾਰੀ ਕਰਕੇ ਮੁਲਾਜ਼ਮਾਂ ਦੀ ਲੰਮੇ ਸਮੇਂ ਤੋਂ ਲਟਕ ਰਹੀ ਸਮੱਸਿਆ ਦਾ ਹੱਲ ਕੀਤਾ ਜਾਵੇ | ਇਸ ਮੌਕੇ ਸ਼ਿਵ ਦਿਆਲ ਸ਼ਰਮਾ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |