ਪਠਾਨਕੋਟ, 18 ਜੁਲਾਈ (ਸੰਧੂ)-ਸਮੁੱਚੀ ਮਨੁੱਖਤਾ ਲਈ ਆਸਥਾ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਕੰਪਲੈਕਸ 'ਚ ਧਮਾਕੇ ਕਰਨ ਦੀਆਂ ਈਮੇਲ ਰਾਹੀਂ ਦਿੱਤੀਆਂ ਜਾ ਰਹੀਆਂ ਧਮਕੀਆਂ ਮੰਦਭਾਗਾ ਵਰਤਾਰਾ ਹੈ ਤੇ ਅਜੇ ਤੱਕ ਧਮਕੀਆਂ ਦੇਣ ਵਾਲੇ ਦਾ ਪਤਾ ਨਾ ਲਗਾ ਸਕਣਾ ਸਰਕਾਰਾਂ ਜਾਂ ਜਾਂਚ ਏਜੰਸੀਆਂ ਦੀ ਅਸਫਲਤਾ ਦਾ ਵੱਡਾ ਸਬੂਤ ਹੈ | ਉਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪਠਾਨਕੋਟ ਪ੍ਰਧਾਨ ਸੁਰਿੰਦਰ ਸਿੰਘ ਕੰਵਰ ਮਿੰਟੂ ਨੇ ਇੱਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਕੀਤਾ | ਉਨ੍ਹਾਂ ਕਿਹਾ ਕਿ 14 ਜੁਲਾਈ ਤੋਂ ਲਗਾਤਾਰ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ 'ਚ ਵਿਸਫੋਟਕ ਪਦਾਰਥਾਂ ਨਾਲ ਧਮਾਕੇ ਕਰਨ ਦੀਆਂ ਈ-ਮੇਲਜ਼ ਭੇਜੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਈ-ਮੇਲਜ਼ ਕਾਰਨ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਵੱਡੀ ਸੱਟ ਵੱਜੀ ਹੈ, ਕਿਉਂਕਿ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਲਈ ਜਾਨ ਤੋਂ ਵੱਧ ਪਿਆਰਾ ਅਸਥਾਨ ਹੈ | ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਸਰਕਾਰਾਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਧਮਕੀਆਂ ਭੇਜਣ ਵਾਲੇ ਨੂੰ ਹੁਣ ਤੱਕ ਜਾਂਚ ਏਜੰਸੀਆਂ ਰਾਹੀਂ ਧਰ ਦਬੋਚਦੀਆਂ, ਪਰ ਜਾਂਚ ਏਜੰਸੀਆਂ ਅਜੇ ਤੱਕ ਇਹ ਪਤਾ ਲਗਾਉਣ 'ਚ ਵੀ ਨਾਕਾਮ ਰਹੀਆਂ ਹਨ ਕਿ ਈ-ਮੇਲਜ਼ ਭੇਜ ਕੌਣ ਰਿਹਾ ਹੈ, ਬੰਦੇ ਨੂੰ ਫੜਨਾ ਤਾਂ ਦੂਰ ਦੀ ਗੱਲ | ਉਨ੍ਹਾਂ ਕਿਹਾ ਕਿ ਸਰਕਾਰ ਅਜੇ ਵੀ ਨੇ ਗੰਭੀਰਤਾ ਦਿਖਾਵੇ ਅਤੇ ਆਪਣੇ ਸਾਈਬਰ ਕ੍ਰਾਈਮ ਮਹਿਕਮੇ ਰਾਹੀਂ ਧਮਕੀਆਂ ਦੇਣ ਵਾਲੇ ਵਿਅਕਤੀ ਦਾ ਪਤਾ ਲਗਾ ਕੇ ਉਸ ਨੂੰ ਫੜ ਕੇ ਮਿਸਾਲੀ ਸਜਾ ਦੁਆਵੇ ਤਾਂ ਕਿ ਮੁੜ ਕੋਈ ਅਜਿਹੀ ਹਮਾਕਤ ਨਾ ਕਰ ਸਕੇ | ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਬੇਖ਼ੌਫ ਹੋ ਕੇ ਆਪਣੇ ਪਾਵਨ ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰਨ ਲਈ ਪਹੁੰਚਣ |