ਪਠਾਨਕੋਟ, 18 ਜੁਲਾਈ (ਸੰਧੂ/ਆਸ਼ੀਸ਼ ਸ਼ਰਮਾ)-ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਕਮਲਦੀਪ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਡੀ.ਜੀ. ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਵਲੋਂ ਨਵੇਂ ਐਨ.ਸੀ.ਐਫ. ਅਨੁਸਾਰ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਪੱਧਰ ਜਮਾਤ ਪਹਿਲੀ ਤੋਂ ਜਮਾਤ ਤੀਸਰੀ ਤੱਕ ਦੀਆਂ ਕਿਤਾਬਾਂ ਤਿਆਰ ਕੀਤੀਆਂ ਗਈਆਂ ਹਨ | ਜਿਸ ਵਿਚ ਜ਼ਿਲ੍ਹਾ ਪਠਾਨਕੋਟ ਤੋਂ ਡੀ.ਆਰ.ਸੀ. ਵਨੀਤ ਮਹਾਜਨ ਸਰਕਾਰੀ ਪ੍ਰਾਇਮਰੀ ਸਕੂਲ ਨੰਗਲ ਅਤੇ ਬੀ.ਆਰ.ਸੀ. ਸ਼ਾਮ ਲਾਲ ਸਰਕਾਰੀ ਪ੍ਰਾਇਮਰੀ ਸਕੂਲ ਨੱਕੀ ਵਲੋਂ ਗਣਿਤ ਵਿਸ਼ੇ ਦੀ ਜਮਾਤ ਪਹਿਲੀ ਦੀ ਕਿਤਾਬ ਤਿਆਰ ਕਰਨ ਵਿਚ ਸਹਿਯੋਗ ਦਿੱਤਾ ਗਿਆ ਹੈ | ਇਸ ਦੇ ਸਬੰਧ ਵਿਚ ਚੰਡੀਗੜ੍ਹ ਵਿਖੇ ਸਿੱਖਿਆ ਵਿਭਾਗ ਵਲੋਂ ਅਨਿੰਦਿਤਾ ਮਿੱਤਰਾ ਸਿੱਖਿਆ ਸਕੱਤਰ ਪੰਜਾਬ ਦੀ ਅਗਵਾਈ ਵਿਚ ਸਨਮਾਨ ਸਮਾਗਮ ਆਯੋਜਿਤ ਕੀਤਾ ਗਿਆ | ਇਸ ਦੌਰਾਨ ਕਿਰਨ ਸ਼ਰਮਾ ਡਾਇਰੈਕਟਰ ਐਸ.ਸੀ.ਈ.ਆਰ.ਟੀ. ਪੰਜਾਬ ਵਲੋਂ ਕਿਤਾਬਾਂ ਤਿਆਰ ਕਰਨ ਵਾਲੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਦੇ ਕਾਰਜ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ | ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਕਮਲਦੀਪ ਕੌਰ, ਉਪ ਜ਼ਿਲ੍ਹਾ ਸਿੱਖਿਆ (ਐਲੀ:) ਡੀ.ਜੀ. ਸਿੰਘ, ਸਮੂਹ ਬਲਾਕ ਅਧਿਕਾਰੀਆਂ, ਸੀ.ਐਚ.ਟੀ. ਅਤੇ ਸਮੂਹ ਅਧਿਆਪਕਾਂ ਨੇ ਮੁਬਾਰਕਬਾਦ ਦਿੱਤੀ | ਇਸ ਮੌਕੇ ਡੀ.ਆਰ.ਸੀ. ਵਨੀਤ ਮਹਾਜਨ ਅਤੇ ਬੀ.ਆਰ.ਸੀ. ਸ਼ਾਮ ਲਾਲ ਨੇ ਜ਼ਿਲ੍ਹਾ ਪਠਾਨਕੋਟ ਦੇ ਅਧਿਕਾਰੀਆਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਸੀ.ਐਚ.ਟੀ. ਅਤੇ ਸਮੂਹ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਜ਼ਿਲ੍ਹਾ ਪਠਾਨਕੋਟ ਨੂੰ ਸਿੱਖਿਆ ਦੇ ਖੇਤਰ ਵਿਚ ਮੋਹਰੀ ਬਣਾਉਣ ਲਈ ਸਾਰੇ ਅਧਿਆਪਕਾਂ ਦੇ ਸਾਥ ਨਾਲ ਇਸ ਤਰ੍ਹਾਂ ਹੀ ਕੰਮ ਕਰਦੇ ਰਹਿਣਗੇ ਅਤੇ ਸਾਰਿਆਂ ਦੀ ਕਸੌਟੀ 'ਤੇ ਪੂਰਾ ਉੱਤਰਨ ਦੀ ਕੋਸ਼ਿਸ਼ ਕਰਨਗੇ |