ਧਾਰੀਵਾਲ, 17 ਜੁਲਾਈ (ਸਵਰਨ ਸਿੰਘ)-ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਪੰਜਾਬ ਦੇ ਆਗੂਆਂ ਦੇ ਵਫ਼ਦ ਨੇ ਯੂਨੀਅਨ ਦੀ ਜ਼ਿਲ੍ਹਾ ਗੁਰਦਾਸਪੁਰ ਦੀ ਪ੍ਰਧਾਨ ਕੰਵਲਜੀਤ ਕੌਰ ਚਾਹਲ ਦੀ ਅਗਵਾਈ ਹੇਠ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਧਾਰੀਵਾਲ ਜਸਪ੍ਰੀਤ ਸਿੰਘ ਨੂੰ ਮੰਗ ਪੱਤਰ ਦਿੱਤਾ | ਇਸ ਮੰਗ ਪੱਤਰ ਰਾਹੀਂ ਆਂਗਣਵਾੜੀ ਵਰਕਰਾਂ ਤੇ ਆਗੂਆਂ ਨੇ ਦੱਸਿਆ ਕਿ ਵਿਭਾਗ ਵਲੋਂ ਲਗਾਤਾਰ ਵਰਕਰਾਂ ਨੂੰ ਐਫ.ਆਰ.ਸੀ. ਕਰਨ ਲਈ ਦਬਾਅ ਪਾਇਆ ਜਾ ਰਿਹਾ, ਜਦਕਿ ਵਰਕਰਾਂ ਨੂੰ ਹੁਣ ਤੱਕ ਮੋਬਾਈਲ ਫ਼ੋਨ ਨਹੀਂ ਦਿੱਤੇ ਗਏ ਅਤੇ ਜ਼ਿਆਦਾਤਰ ਪਿੰਡਾਂ ਵਿਚ ਨੈੱਟਵਰਕ ਸਿਗਨਲ ਪੂਰਾ ਨਹੀਂ ਮਿਲਦੇ | ਇਸ ਲਈ ਯੂਨੀਅਨ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਇਸ ਦਾ ਪੁਰਜ਼ੋਰ ਵਿਰੋਧ ਕਰਦੀ ਹੈ | ਉਨ੍ਹਾਂ ਕਿਹਾ ਕਿ ਸਾਡੀ ਯੂਨੀਅਨ ਸਰਕਾਰ ਨੂੰ ਚਿਤਾਵਨੀ ਦਿੰਦੀ ਹੈ ਕਿ ਜੇਕਰ ਜੁਲਾਈ ਤੱਕ ਵਰਕਰਾਂ ਨੂੰ ਮੋਬਾਈਲ ਫ਼ੋਨ ਮੁਹੱਈਆ ਨਹੀਂ ਕਰਵਾਏ ਗਏ ਤਾਂ 1 ਅਗਸਤ ਤੋਂ ਪੋਸ਼ਣ ਟਰੈਕਰ ਐਪ ਦਾ ਕੰਮ ਟੋਟਲ ਬੰਦ ਕਰ ਦਿੱਤਾ ਜਾਵੇਗਾ | ਮੰਗ ਪੱਤਰ ਦੇਣ ਸਮੇਂ ਕੰਵਲਜੀਤ ਕੌਰ ਚਾਹਲ ਜ਼ਿਲ੍ਹਾ ਪ੍ਰਧਾਨ, ਹਰਪ੍ਰੀਤ ਕੌਰ ਸਿੰਘਪੁਰਾ ਜਨਰਲ ਸਕੱਤਰ, ਬਲਜਿੰਦਰ ਕੌਰ ਮੀਤ ਜ਼ਿਲ੍ਹਾ ਪ੍ਰਧਾਨ, ਖਜਾਨਚੀ ਸੁਦੇਸ਼ ਕੁਮਾਰੀ, ਰਣਜੀਤ ਕੌਰ, ਮਨਪ੍ਰੀਤ ਕੌਰ, ਪ੍ਰਵੀਨ ਕੌਰ, ਬਲਜਿੰਦਰ ਕੌਰ, ਮਨਜੀਤ ਕੌਰ ਤੋਂ ਇਲਾਵਾ ਬਲਾਕ ਕੋਆਰਡੀਨੇਟਰ ਗਗਨਦੀਪ ਸਿੰਘ, ਕਲਰਕ ਰਜਨੀ ਅਤੇ ਸਮੂਹ ਸੁਪਰਵਾਈਜ਼ਰ ਸ਼ਾਮਿਲ ਸਨ |