ਬਟਾਲਾ, 17 ਜੁਲਾਈ (ਸਤਿੰਦਰ ਸਿੰਘ)-ਬੀਤੇ ਦਿਨੀਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਅੰਦਰ ਕੀਤੀਆਂ ਨਿਯੁਕਤੀਆਂ ਤਹਿਤ ਸਾਬਕਾ ਮੰਤਰੀ ਜਥੇ. ਸੁੱਚਾ ਸਿੰਘ ਲੰਗਾਹ ਨੂੰ ਜ਼ਿਲ੍ਹਾ ਗੁਰਦਾਸਪੁਰ ਤੋਂ ਸ਼ੋ੍ਰਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ ਹੈ | ਜਥੇ. ਲੰਗਾਹ ਦੀ ਨਿਯੁਕਤੀ 'ਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਜਿਥੇ ਵੱਡੀ ਪੱਧਰ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ, ਉਥੇ ਸ਼ੂਗਰਫੈੱਡ ਪੰਜਾਬ ਦੇ ਸਾਬਕਾ ਚੇਅਰਮੈਨ ਸੁਖਬੀਰ ਸਿੰਘ ਵਾਹਲਾ ਵਲੋਂ ਸਾਥੀਆਂ ਸਮੇਤ ਸੁਖਬੀਰ ਸਿੰਘ ਬਾਦਲ ਨੂੰ ਮਿਲ ਕੇ ਜਿਥੇ ਉਨ੍ਹਾਂ ਦਾ ਧੰਨਵਾਦ ਕੀਤਾ, ਉਥੇ ਸ: ਬਾਦਲ ਦਾ ਮੂੰਹ ਮਿੱਠਾ ਕਰਵਾ ਕੇ ਜ਼ਿਲ੍ਹਾ ਗੁਰਦਾਸਪੁਰ ਵਿਚ ਜਥੇ. ਸੁੱਚਾ ਸਿੰਘ ਲੰਗਾਹ ਦੀ ਅਗਵਾਈ ਹੇਠ ਸ਼ੋ੍ਰਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਭਰੋਸਾ ਦਿੱਤਾ | ਸ: ਵਾਹਲਾ ਨੇ ਕਿਹਾ ਕਿ ਸ: ਬਾਦਲ ਵਲੋਂ ਜਥੇ. ਲੰਗਾਹ ਨੂੰ ਜ਼ਿਲ੍ਹਾ ਪ੍ਰਧਾਨ ਬਣਾ ਕੇ ਪਾਰਟੀ ਵਰਕਰਾਂ ਵਿਚ ਇਕ ਨਵੀਂ ਜਾਨ ਫੂਕੀ ਅਤੇ ਜਿਹੜੇ ਵਰਕਰ ਪਿਛਲੇ ਲੰਮੇ ਸਮੇਂ ਤੋਂ ਘਰਾਂ ਵਿਚ ਬੈਠੇ ਹੋਏ ਸਨ, ਉਨ੍ਹਾਂ ਨੇ ਵੀ ਸ: ਲੰਗਾਹ ਦੀ ਇਸ ਨਿਯੁਕਤੀ ਉਪਰੰਤ ਸ਼ੋ੍ਰਮਣੀ ਅਕਾਲੀ ਦਲ ਲਈ ਮੁੜ ਤੋਂ ਕਮਰਕੱਸੇ ਕਰ ਲਏ ਹਨ | ਉਨ੍ਹਾਂ ਕਿਹਾ ਕਿ ਜਥੇ. ਲੰਗਾਹ ਹੀ ਅਜਿਹੇ ਧੜੱਲੇਦਾਰ ਨੇਤਾ ਹਨ, ਜੋ ਜ਼ਿਲ੍ਹੇ ਵਿਚੋਂ ਸਾਰੀਆਂ ਸੀਟਾਂ ਜਿਤਾ ਕੇ 2027 ਵਿਚ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਵਿਚ ਆਪਣਾ ਵੱਡਾ ਯੋਗਦਾਨ ਪਾਉਣਗੇ | ਸ: ਵਾਹਲਾ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਥੇ. ਲੰਗਾਹ ਦੀ ਅਗਵਾਈ ਹੇਠ ਘਰਾਂ 'ਚ ਬੈਠੇ ਵਰਕਰਾਂ ਨੂੰ ਸ਼ੋ੍ਰਮਣੀ ਅਕਾਲੀ ਦਲ ਲਈ ਮੁੜ ਤੋਂ ਸਰਗਰਮ ਕਰਨ ਵਿਚ ਆਪਣਾ ਯੋਗਦਾਨ ਪਾਉਣਗੇ | ਇਸ ਮੌਕੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜ਼ਿਲ੍ਹਾ ਪ੍ਰਧਾਨ ਜਥੇ. ਸੁੱਚਾ ਸਿੰਘ ਲੰਗਾਹ ਤੋਂ ਇਲਾਵਾ ਹਲਕਾ ਡੇਰਾ ਬਾਬਾ ਨਾਨਕ ਦੇ ਇੰਚਾਰਜ ਸੁਖਜਿੰਦਰ ਸਿੰਘ ਸੋਨੂੰ ਲੰਗਾਹ, ਸੀਨੀਅਰ ਆਗੂ ਕੰਵਲਪ੍ਰੀਤ ਸਿੰਘ ਕਾਕੀ, ਪਰਮਵੀਰ ਸਿੰਘ ਲਾਡੀ, ਹਰਦੇਵ ਸਿੰਘ ਬਾਜੇਚੱਕ, ਨਰਿੰਦਰ ਸਿੰਘ ਵਾੜਾ, ਕੁਲਬੀਰ ਸਿੰਘ ਆਦਿ ਵੀ ਮੌਜੂਦ ਸਨ |