ਬਟਾਲਾ, 17 ਜੁਲਾਈ (ਸਤਿੰਦਰ ਸਿੰਘ)-ਸੀ.ਬੀ.ਐੱਸ.ਈ. ਨਵੀਂ ਦਿੱਲੀ ਵਲੋਂ ਕਲਸਟਰ 18 ਅਧੀਨ ਪਿਛਲੇ ਦਿਨੀਂ ਸੀਨੀਅਰ ਸੈਕੰਡਰੀ ਸੰਸਕਿ੍ਤ ਸਕੂਲ ਜੰਮੂ ਵਿਖੇ ਅੰਡਰ-19 ਖੋ-ਖੋ ਮੁਕਾਬਲੇ ਕਰਵਾਏ ਗਏ, ਜਿਸ ਵਿਚ ਵੱਖ-ਵੱਖ ਸਕੂਲਾਂ ਦੀਆਂ ਵਿਦਿਆਰਥਣਾਂ ਨੇ ਭਾਗ ਲੈ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਇਸੇ ਤਰ੍ਹਾਂ ਬਾਬਾ ਆਇਆ ਸਿੰਘ ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੇ ਦਾ ਤਗਮਾ ਹਾਸਲ ਕਰ ਕੇ ਸਕੂਲ, ਮਾਪਿਆਂ ਤੇ ਅਧਿਆਪਕਾਂ ਦਾ ਮਾਣ ਵਧਾਇਆ | ਇਸ 12 ਮੈਂਬਰੀ ਟੀਮ ਦੀ ਅਗਵਾਈ ਡੀ.ਪੀ. ਰਾਜਵਿੰਦਰ ਕੌਰ ਨੇ ਕੀਤੀ, ਜਿਨ੍ਹਾਂ ਦੀ ਸੂਝ-ਬੂਝ ਤੇ ਮਾਰਗ ਦਰਸ਼ਨ ਨਾਲ ਵਿਦਿਆਰਥਣਾਂ ਨੇ ਇਹ ਮੁਕਾਮ ਹਾਸਲ ਕੀਤਾ | ਜ਼ਿਕਰਯੋਗ ਹੈ ਕਿ ਰਿਆੜਕੀ ਪਬਲਿਕ ਸਕੂਲ ਦੀ ਖੋ-ਖੋ ਟੀਮ ਨੇ ਪਿਛਲੇ ਸਾਲਾਂ ਦੇ ਰਿਕਾਰਡ ਨੂੰ ਬਰਕਰਾਰ ਰੱਖਦੇ ਹੋਏ ਇਸ ਵਾਰ ਵੀ ਕਾਂਸੀ ਦਾ ਤਗਮਾ ਜਿੱਤਣ ਵਿਚ ਸਫ਼ਲ ਰਹੀ | ਸਕੂਲ ਪਹੁੰਚਣ 'ਤੇ ਜੇਤੂ ਵਿਦਿਆਰਥਣਾਂ ਦਾ ਪ੍ਰਬੰਧਕ ਕਮੇਟੀ, ਪਿ੍ੰਸੀਪਲ ਅਤੇ ਸਮੂਹ ਸਟਾਫ਼ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਖਿਡਾਰੀਆਂ ਨੇ ਡਰੰਮ-ਬੀਟ ਦੀ ਥਾਪ 'ਤੇ ਅਸੈਂਬਲੀ ਹਾਲ ਵਿਚ ਪ੍ਰਵੇਸ਼ ਕੀਤਾ, ਜਿੱਥੇ ਸਕੂਲ ਦੀ ਮੁੱਖ ਲੜਕੀ ਅਰਸ਼ਦੀਪ ਕੌਰ ਬੇਰੀ, ਉਪ ਮੁੱਖ ਲੜਕੀ ਅਨਹਦ ਕੌਰ ਅਤੇ ਵਿਦਿਆਰਥੀ ਕੌਂਸਲ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ | ਸੰਸਥਾ ਦੀ ਡਾਇਰੈਕਟਰ ਸ੍ਰੀਮਤੀ ਮਨਪ੍ਰੀਤ ਕੌਰ ਵਿਰਕ ਨੇ ਕਿਹਾ ਕਿ ਅਕਾਦਮਿਕ ਪੜ੍ਹਾਈ ਅਤੇ ਖੇਡਾਂ ਵਿਚ ਸੰਤੁਲਨ ਬਣਾਈ ਰੱਖਣਾ ਅਤਿਅੰਤ ਜ਼ਰੂਰੀ ਹੈ, ਜਿੱਥੇ ਮਾਨਸਿਕ ਵਿਕਾਸ ਮਹੱਤਵਪੂਰਨ ਹੈ, ਉਥੇ ਸਰੀਰਕ ਵਿਕਾਸ ਵੀ ਬਰਾਬਰ ਦੀ ਅਹਿਮੀਅਤ ਰੱਖਦਾ ਹੈ | ਉਨ੍ਹਾਂ ਵਿਦਿਆਰਥਣਾਂ ਨੂੰ ਆਪਣੀ ਮਿਹਨਤ ਤੇ ਲਗਨ ਜਾਰੀ ਰੱਖਣ ਦੀ ਪ੍ਰੇਰਣਾ ਦਿੱਤੀ | ਅਸੈਂਬਲੀ ਹਾਲ ਵਿਚ ਟੀਮ ਦੀ ਕਪਤਾਨ ਵਿਸ਼ਾਲੀ ਅਤੇ ਉਸ ਦੀਆਂ ਸਾਥਣਾਂ ਨੇ ਆਪਣੀ ਜਿੱਤ ਦੇ ਤਜ਼ਰਬੇ ਸਕੂਲ ਦੇ ਸਾਥੀ ਵਿਦਿਆਰਥੀਆਂ ਨਾਲ ਸਾਂਝੇ ਕੀਤੇ | ਸੰਸਥਾ ਦੇ ਮੁੱਖ ਪ੍ਰਬੰਧਕ ਗਗਨਦੀਪ ਸਿੰਘ ਵਿਰਕ ਨੇ ਇਸ ਕਾਮਯਾਬੀ ਨੂੰ ਸ਼ਾਲਾਘਾਯੋਗ ਦੱਸਦਿਆਂ ਕਿਹਾ ਕਿ ਇਹ ਜਿੱਤ ਸਕੂਲ ਲਈ ਮਾਣ ਵਾਲੀ ਗੱਲ ਹੈ | ਅੰਡਰ-19 ਟੀਮ ਦੀਆਂ ਜੇਤੂ ਖਿਡਾਰਣਾਂ ਵਿਚ ਕੈਪਟਨ ਵਿਸ਼ਾਲੀ, ਜਸਮੀਤ ਕੌਰ ਬਸਰਾਏ, ਜਸਮੀਤ ਕੌਰ ਤੁਗਲਵਾਲ, ਜਸਨੀਤ ਕੌਰ ਅÏਲਖ, ਰਾਜਬੀਰ ਕੌਰ ਭਾਮੜੀ, ਨਵਰੋਜਪ੍ਰੀਤ ਕੌਰ ਬਸਰਾਏ, ਗੁਰਸਹਿਜ਼ਦੀਪ ਕੌਰ ਭਾਮ, ਗੁਰਲੀਨ ਕੌਰ ਹਰਚੋਵਾਲ, ਰਸ਼ਲੀਨ ਕੌਰ ਵਿੱਠਵਾਂ, ਸ਼ੁਭਨੀਤ ਕੌਰ ਤੁਗਲਵਾਲ, ਮਨਰੀਤ ਕੌਰ ਤੁਗਲਵਾਲ ਅਤੇ ਏਕਮਪ੍ਰੀਤ ਕੌਰ ਤੁਗਲਵਾਲ ਸ਼ਾਮਿਲ ਸਨ | ਅਖੀਰ ਵਿਚ ਪਿ੍ੰਸੀਪਲ ਇੰਦਰਜੀਤ ਕੌਰ ਨੇ ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ, ਕੋਚ ਅਤੇ ਸਮੂਹ ਸਟਾਫ਼ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ |