ਗੁਰਦਾਸਪੁਰ, 16 ਜੁਲਾਈ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ 'ਤੇ ਪਿੰਡ ਚਾਵਾ ਨੇੜੇ ਪੈਂਦੇ ਭਾਰਤੀ ਪੈਟਰੋਲ ਪੰਪ ਤੋਂ ਬੀਤੀ ਰਾਤ 12 ਵਜੇ ਦੇ ਕਰੀਬ ਦੋ ਕਾਰ ਸਵਾਰ ਗੱਡੀ ਵਿਚ 3500 ਰੁਪਏ ਦਾ ਤੇਲ ਪੁਆ ਕੇ ਫਰਾਰ ਹੋ ਗਏ ਹਨ | ਇਸ ਘਟਨਾ ਦੀ ਸੂਚਨਾ ਥਾਣਾ ਪੁਰਾਣਾ ਸ਼ਾਲਾ ਨੰੂ ਲਿਖਤੀ ਰੂਪ ਵਿਚ ਦੇ ਦਿੱਤੀ ਗਈ ਹੈ | ਇਸ ਸਬੰਧੀ ਪੈਟਰੋਲ ਪੰਪ ਦੇ ਮਾਲਕ ਗੁਰਸਾਗਰ ਸਿੰਘ ਨੇ ਦੱਸਿਆ ਕਿ ਉਕਤ ਕਾਰ 'ਚ ਦੋ ਵਿਅਕਤੀ ਸਨ | ਉਨ੍ਹਾਂ ਟੈਂਕੀ ਫੁੱਲ ਕਰਨ ਲਈ ਕਿਹਾ ਤੇ ਕਰਿੰਦਿਆਂ ਨੇ 3500 ਰੁਪਏ ਦਾ ਤੇਲ ਪਾ ਦਿੱਤਾ ਤੇ ਪੈਸੇ ਸਕੈਨਰ ਰਾਹੀਂ ਪੁਆਉਣ ਲਈ ਕਿਹਾ ਤੇ ਦੇਖਦੇ ਹੀ ਦੇਖਦੇ ਉਹ ਕਾਰ ਨੰੂ ਭਜਾ ਕੇ ਲੈ ਗਏ | ਉਨ੍ਹਾਂ ਦੱਸਿਆ ਕਿ ਉਕਤ ਨੇ ਕਾਰ ਦੀ ਨੰਬਰ ਪਲੇਟ 'ਤੇ ਮਿੱਟੀ ਲਗਾਈ ਹੋਈ ਸੀ ਜਿਸ ਕਰਕੇ ਕਾਰ ਦੇ ਨੰਬਰ ਦਾ ਪਤਾ ਨਹੀਂ ਲੱਗ ਸਕਿਆ | ਉਨ੍ਹਾਂ ਦੱਸਿਆ ਕਿ ਕਾਰ ਸਵਾਰ ਕ੍ਰਿਸਚਨ ਭਾਈਚਾਰੇ ਨਾਲ ਸਬੰਧਿਤ ਸਨ ਅਤੇ ਸੀ. ਸੀ. ਟੀ.ਵੀ. ਕੈਮਰੇ ਵਿਚ ਸਾਫ ਦਿਖਾਈ ਦੇ ਰਹੇ ਹਨ | ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਗੁਰਦਾਸਪੁਰ ਪਾਸੋਂ ਮੰਗ ਕੀਤੀ ਹੈ ਕਿ ਇਹੋ ਅਜਿਹੀਆਂ ਘਟਨਾਵਾਂ ਨੰੂ ਰੋਕਣ ਲਈ ਪੈਟਰੋਲ ਪੰਪਾਂ 'ਤੇ ਪੁਲਿਸ ਦੀ ਗਸ਼ਤ ਵਧਾਉਣ ਦੇ ਨਾਲ ਦੋਸ਼ੀਆਂ ਨੰੂ ਲੱਭ ਕੇ ਤੁਰੰਤ ਲੋੜੀਂਦੀ ਕਾਰਵਾਈ ਕਰਕੇ ਸਾਨੰੂ ਇੰਨਸਾਫ਼ ਦਿਵਾਇਆ ਜਾਵੇ | ਜਿਸ ਨਾਲ ਅਗਾਂਹ ਤੋਂ ਅਜਿਹੀ ਘਟਨਾ ਦੁਬਾਰਾ ਨਾ ਵਾਪਰ ਸਕੇ |