ਸ਼ਾਹਪੁਰ ਕੰਢੀ, 15 ਜੁਲਾਈ (ਰਣਜੀਤ ਸਿੰਘ)-ਸ਼ਾਹਪੁਰ ਕੰਢੀ ਡੈਮ ਔਸਤੀ ਸੰਘਰਸ਼ ਕਮੇਟੀ ਵਲੋਂ ਮੰਗਾਂ ਨੰੂ ਲੈ ਕੇ ਪ੍ਰਧਾਨ ਬਲਕਾਰ ਸਿੰਘ ਪਠਾਨੀਆ ਅਤੇ ਜਸਵੰਤ ਸਿੰਘ ਸੰਧੂ ਦੀ ਅਗਵਾਈ ਹੇਠ ਸ਼ੁਰੂ ਕੀਤੀ ਭੁੱਖ ਹੜਤਾਲ ਅੱਜ 105ਵੇਂ ਦਿਨ ਵਿਚ ਦਾਖ਼ਲ ਹੋ ਗਈ ਹੈ | ਅੱਜ ਹੜਤਾਲ 'ਤੇ ਜੋਤੀ ਦੇਵੀ ਪਤਨੀ ਪਵਨ ਕੁਮਾਰ, ਆਸ਼ਾ ਰਾਣੀ ਪਤਨੀ ਲਾਲ ਸਿੰਘ, ਬੇਵੀ ਪਤਨੀ ਮਹਿੰਦਰ ਸਿੰਘ, ਵਿੱਦਿਆ ਦੇਵੀ ਪਤਨੀ ਧਰਮ ਸਿੰਘ ਅਤੇ ਉਰਮਿਲਾ ਦੇਵੀ ਪਤਨੀ ਕਰਨੈਲ ਸਿੰਘ ਸ਼ਾਮਿਲ ਸਨ | ਡੈਮ ਔਸਤੀਆਂ ਨੇ ਸੰਘਰਸ਼ ਨੰੂ ਤੇਜ਼ ਕਰਦਿਆਂ ਮੁੱਖ ਇੰਜੀਨੀਅਰ ਦਫ਼ਤਰ ਬਾਹਰ ਰੋਸ ਰੈਲੀ ਵੀ ਕੀਤੀ | ਇਸ ਮੌਕੇ ਪ੍ਰਧਾਨ ਬਲਕਾਰ ਸਿੰਘ ਪਠਾਨੀਆ, ਜਸਵੰਤ ਸਿੰਘ ਸੰਧੂ, ਇੰਟਕ ਦੇ ਜ਼ਿਲ੍ਹਾ ਪ੍ਰਧਾਨ ਗਿਆਨ ਚੰਦ ਲੂਨਾ, ਸੁਰਜੀਤ ਸਿੰਘ, ਰਵਿੰਦਰ ਕੁਮਾਰ, ਅਸ਼ਵਨੀ ਸ਼ਰਮਾ ਆਦਿ ਨੇ ਕਿਹਾ ਕਿ ਡੈਮ ਔਸਤੀ ਮੰਗਾਂ ਨੰੂ ਲੈ ਕੇ ਸੰਘਰਸ਼ ਕਰ ਰਹੇ ਹਨ, ਔਸਤੀ ਪਰਿਵਾਰਾਂ ਨੇ ਆਪਣੀਆਂ ਜ਼ਮੀਨਾਂ ਤੇ ਘਰ ਡੈਮ ਦੀ ਝੀਲ ਲਈ ਦੇ ਦਿੱਤਾ | ਪਰ ਸਰਕਾਰ ਇਨ੍ਹਾਂ ਡੈਮ ਔਸਤੀ ਪਰਿਵਾਰਾਂ ਦੀ ਅਣਦੇਖੀ ਕਰ ਰਹੀ ਹੈ | ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੰਘਰਸ਼ ਜਾਰੀ ਰਹੇਗਾ |