ਸੰਘੋਲ, 2 ਦਸੰਬਰ (ਪਰਮਵੀਰ ਸਿੰਘ ਧਨੋਆ)-ਨੈਸ਼ਨਲ ਹੈਲਥ ਮਿਸ਼ਨ ਪੰਜਾਬ ਜਥੇਬੰਦੀ ਦੇ ਸੱਦੇ 'ਤੇ ਸਬੰਧਿਤ ਕਰਮਚਾਰੀਆਂ ਵਲੋਂ ਹੜਤਾਲ ਕੀਤੀ ਗਈ | ਪਬਲਿਕ ਹੈਲਥ ਸੈਂਟਰ ਸੰਘੋਲ ਵਿਖੇ ਸੂਬਾ ਸਰਕਾਰ ਖ਼ਿਲਾਫ਼ ਰੋਸ ਜ਼ਾਹਿਰ ਕਰਦਿਆਂ ਨਾਅਰੇਬਾਜ਼ੀ ਮੌਕੇ ਕਰਮੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੇ ਕਰੀਬ 3 ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ ਹੈ, ਜਿਸ ਕਾਰਨ ਉਨ੍ਹਾਂ ਨੂੰ ਕਈ ਕਿਸਮ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਆਰਥਿਕ ਮੰਦਹਾਲੀ ਦਾ ਸ਼ਿਕਾਰ ਬਣ ਗਏ ਹਨ | ਇਸ ਦੌਰਾਨ ਰੋਸ ਵਜੋਂ ਕਰਮੀਆਂ ਵਲੋਂ ਕੰਮਕਾਰ ਠੱਪ ਰੱਖਿਆ ਗਿਆ | ਜਿਸ ਕਾਰਨ ਪਬਲਿਕ ਹੈਲਥ ਸੈਂਟਰ 'ਤੇ ਸਿਹਤ ਸੇਵਾਵਾਂ ਪ੍ਰਭਾਵਿਤ ਹੋਈਆਂ | ਕਰਮੀਆਂ ਨੇ ਦੱਸਿਆ ਕਿ ਇਸ ਮਸਲੇ ਬਾਰੇ ਉਨ੍ਹਾਂ ਦੀ ਜਥੇਬੰਦੀ ਲਿਖਤੀ ਤੌਰ 'ਤੇ ਸਬੰਧਿਤ ਅਧਿਕਾਰੀਆਂ ਨੂੰ ਜਾਣੂ ਕਰਵਾ ਚੁੱਕੀ ਹੈ ਪ੍ਰੰਤੂ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ | ਹੈਲਥ ਮਿਸ਼ਨ ਕਰਮੀਆਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੀ ਨੀਤੀ ਬਣਾਈ ਜਾਵੇ, ਜਿਸ ਨਾਲ ਉਨ੍ਹਾਂ ਨੂੰ ਅਜਿਹੀ ਕੋਈ ਪ੍ਰੇਸ਼ਾਨੀ ਨਾ ਹੋਵੇ | ਉਨ੍ਹਾਂ ਕਿਹਾ ਕਿ ਜੇਕਰ ਹਾਲਾਤ ਨਹੀਂ ਸੁਧਰਦੇ ਤਾਂ ਕਰਮੀ ਲੰਮੀ ਹੜਤਾਲ 'ਤੇ ਜਾਣ ਲਈ ਮਜਬੂਰ ਹੋਣਗੇ | ਇਸ ਮੌਕੇ ਡਾ. ਨੀਲਮ ਚਾਵਲਾ, ਕੁਲਜੀਤ ਕੌਰ, ਨਰਿੰਦਰ ਕੌਰ, ਦਵਿੰਦਰ ਸਿੰਘ, ਲਖਪ੍ਰੀਤ, ਹਰਪ੍ਰੀਤ ਕੌਰ, ਹਰਮਨਦੀਪ ਸਿੰਘ, ਹਰਦੀਪ ਕੌਰ, ਮਨਪ੍ਰੀਤ ਕੌਰ ਤੇ ਹਰਵਿੰਦਰ ਕੌਰ ਆਦਿ ਹਾਜ਼ਰ ਸਨ |