ਫ਼ਤਹਿਗੜ੍ਹ ਸਾਹਿਬ, 2 ਦਸੰਬਰ (ਬਲਜਿੰਦਰ ਸਿੰਘ)-ਅਮਰ ਸ਼ਹੀਦ ਬਾਬਾ ਸੰਗਤ ਸਿੰਘ ਸੇਵਾਦਲ ਮੰਡੀ ਗੋਬਿੰਦਗੜ੍ਹ ਵਲੋਂ ਸੰਤ ਬਾਬਾ ਰਣਜੀਤ ਸਿੰਘ ਤਪਾ ਦਰਾਜ ਮੁਹਾਲੀ ਵਾਲਿਆਂ ਦੀ ਪ੍ਰੇਰਨਾ ਤੇ ਉੱਦਮ ਸਦਕਾ ਚਮਕੌਰ ਗੜੀ ਦੇ ਮਹਾਨ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰਾ ਕਤਲਗੜ੍ਹ ਸ੍ਰੀ ਚਮਕੌਰ ਸਾਹਿਬ ਤੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੱਕ ਸਜਾਏ ਗਏ ਸਾਲਾਨਾ ਮਹਾਨ ਚੇਤਨਾ ਮਾਰਚ ਦੌਰਾਨ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਜਿਸ ਦੌਰਾਨ ਸੇਵਾਦਲ ਪ੍ਰਧਾਨ ਰਾਜਿੰਦਰ ਸਿੰਘ ਨਸਰਾਲੀ, ਜਨਰਲ ਸਕੱਤਰ ਕੁਲਵੰਤ ਸਿੰਘ ਮਹਿਤੋਂ ਤੇ ਮੁੱਖ ਸਲਾਹਕਾਰ ਗਿਆਨੀ ਗੁਰਬਖਸ਼ ਸਿੰਘ ਸੰਗਤਪੁਰਾ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਚੈਰੀਟੇਬਲ ਸੁਸਾਇਟੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਉਪ ਚੇਅਰਮੈਨ ਫੋਰਮੈਨ ਬਲਵੀਰ ਸਿੰਘ ਸਿੱਧੂ ਅਤੇ ਧਾਰਮਿਕ ਸ਼ਖ਼ਸੀਅਤ ਬਾਬਾ ਨਿਸ਼ਾਨ ਸਿੰਘ ਦਲੀਪ ਨਗਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਫੋਰਮੈਨ ਬਲਵੀਰ ਸਿੰਘ ਸਿੱਧੂ ਨੇ ਅਮਰ ਸ਼ਹੀਦ ਬਾਬਾ ਸੰਗਤ ਸਿੰਘ ਸੇਵਾਦਲ ਦੇ ਆਗੂਆਂ ਤੇ ਮੈਂਬਰਾਂ ਦੇ ਉੱਦਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਜਿਹੇ ਯਤਨ ਬਹੁਤ ਜ਼ਰੂਰੀ ਹਨ ਕਿਉਂਕਿ ਸਿੱਖ ਪਰਿਵਾਰਾਂ ਦੇ ਨੌਜਵਾਨ ਬੱਚੇ ਸਿੱਖੀ ਸਿਧਾਂਤਾਂ ਨੂੰ ਤਿਲਾਂਜਲੀ ਦੇ ਕੇ ਬੜੀ ਤੇਜ਼ੀ ਨਾਲ ਪਤਿਤਪੁਣੇ ਵੱਲ ਨੂੰ ਵੱਧ ਰਹੇ ਹਨ, ਜੋ ਕੌਮ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ, ਅਜਿਹੇ ਧਾਰਮਿਕ ਉਪਰਾਲਿਆਂ ਨਾਲ ਭਟਕੇ ਨੌਜਵਾਨਾਂ ਨੂੰ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾ ਕੇ ਸਿੱਖੀ ਦੀ ਮੁਖ ਧਾਰਾ ਵਿਚ ਲਿਆਂਦਾ ਜਾ ਸਕਦਾ ਹੈ | ਫੋਰਮੈਨ ਸਿੱਧੂ ਨੂੰ ਸੇਵਾਦਲ ਦੇ ਆਗੂਆਂ ਨੂੰ ਭਵਿੱਖ ਵਿਚ ਵੀ ਅਜਿਹੇ ਧਾਰਮਿਕ ਤੇ ਸਮਾਜਿਕ ਕਾਰਜਾਂ ਵਿਚ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ |