ਫ਼ਤਹਿਗੜ੍ਹ ਸਾਹਿਬ, 2 ਦਸੰਬਰ (ਮਨਪ੍ਰੀਤ ਸਿੰਘ)-ਇਕ ਦਰਦਨਾਕ ਸੜਕ ਹਾਦਸੇ ਵਿਚ ਸਰਹਿੰਦ ਦੇ ਪ੍ਰਸਿੱਧ ਵਪਾਰੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ, ਜਦਕਿ ਬਾਕੀ ਪਰਿਵਾਰ ਦੇ ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ | ਹਾਦਸੇ ਤੋਂ ਬਾਅਦ ਕੁਝ ਮੌਕਾਪ੍ਰਸਤ ਤੇ ਲਾਲਚੀ ਲੋਕਾਂ ਨੇ ਮਿ੍ਤਕਾਂ ਦੀਆਂ ਦੇਹਾਂ ਤੋਂ ਗਹਿਣੇ ਅਤੇ ਨਕਦੀ ਚੋਰੀ ਕਰਕੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ | ੋਇਸ ਹਾਦਸੇ ਵਿਚ ਹਰੀ ਓਮ ਨੰਦਾ, ਉਸ ਦੀ ਪਤਨੀ ਕਿਰਨ ਨੰਦਾ ਅਤੇ ਚਾਚੀ ਰੇਨੂ ਬਾਲਾ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ | ਹਾਦਸੇ ਤੋਂ ਤੁਰੰਤ ਬਾਅਦ ਪਰਿਵਾਰ ਦੇ ਜ਼ਿੰਦਾ ਬਚੇ ਮੈਂਬਰਾਂ ਨੂੰ ਨੇੜੇ ਮੌਜੂਦ ਲੋਕਾਂ ਨੇ ਹੋਰ ਗੱਡੀਆਂ ਵਿਚ ਪਾ ਕੇ ਹਸਪਤਾਲ ਪਹੁੰਚਾਇਆ | ਮਿ੍ਤਕਾਂ ਦੀਆਂ ਦੇਹਾਂ ਨੂੰ ਕੁਝ ਲੋਕ ਬਾਅਦ ਵਿਚ ਸਿਵਲ ਹਸਪਤਾਲ ਲੁਧਿਆਣਾ ਦੀ ਮੋਰਚਰੀ ਵਿਚ ਲੈ ਕੇ ਗਏ | ਮਿ੍ਤਕ ਕਿਰਨ ਨੰਦਾ ਦੇ ਭਰਾ ਨਰੇਸ਼ ਅਰੋੜਾ ਦੇ ਮੁਤਾਬਿਕ, ਜਦੋਂ ਉਹ ਮੋਰਚਰੀ ਵਿਚ ਦੇਹਾਂ ਲੈਣ ਪਹੁੰਚੇ, ਤਾਂ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਮਿ੍ਤਕਾਂ ਦੇ ਬਹੁਤ ਸਾਰੇ ਗਹਿਣੇ ਅਤੇ ਨਕਦੀ ਗ਼ਾਇਬ ਸਨ | ਉਨ੍ਹਾਂ ਦੱਸਿਆ ਕਿ ਹਾਦਸੇ ਵੇਲੇ ਪਰਿਵਾਰ ਦੇ ਮੈਂਬਰਾਂ ਨੇ ਕੀਮਤੀ ਗਹਿਣੇ ਪਹਿਨੇ ਹੋਏ ਸਨ, ਪਰ ਮੌਰਚਰੀ ਵਿਚ ਉਨ੍ਹਾਂ ਨੂੰ ਥੋੜ੍ਹਾ ਹੀ ਸਮਾਨ ਮਿਲਿਆ | ਉਨ੍ਹਾਂ ਮੁਤਾਬਿਕ ਕਿਰਨ ਨੰਦਾ ਦਾ ਗਲੇ ਵਿਚੋਂ ਹਾਰ ਅਤੇ ਮੰੁਦਰਾਂ ਗ਼ਾਇਬ ਸਨ, ਰੇਨੂ ਬਾਲਾ ਦੇ ਗਲੇ ਵਿਚੋਂ ਵੀ ਹਾਰ, ਦੋ ਕੜੇ, ਮੰੁਦਰਾਂ ਅਤੇ ਇਕ ਐਪਲ ਦੀ ਘੜੀ ਨਹੀਂ ਮਿਲੀ, ਕੁੱਲ ਮਿਲਾ ਕੇ 15 ਤੋਲੇ ਸੋਨਾ, 3 ਲੱਖ ਰੁਪਏ ਨਕਦ ਤੇ ਵਿਆਹ ਵਿਚ ਮਿਲੇ ਲਗਪਗ 2 ਲੱਖ ਰੁਪਏ ਦੇ ਸ਼ਗਨ ਸਮੇਤ ਇਸ ਸਾਰੇ ਸਮਾਨ ਨੂੰ ਲਾਲਚੀ ਲੋਕ ਉਡਾ ਲੈ ਗਏ | ਇਸ ਹਾਦਸੇ ਦੌਰਾਨ ਚੋਰੀ ਦੀ ਘਟਨਾ 'ਤੇ ਕੌਂਸਲਰ ਗੁਲਸ਼ਨ ਰਾਏ ਬੋਬੀ ਨੇ ਗਹਿਰਾ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਇਹ ਸਮਾਂ ਪਰਿਵਾਰ ਦੀ ਮਦਦ ਕਰਨ ਦਾ ਸੀ, ਪਰ ਕੁਝ ਮਾਨਵਤਾ-ਵਿਰੋਧੀ ਲੋਕਾਂ ਨੇ ਸਮਾਨ ਚੋਰੀ ਕਰਕੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ | ਨਰੇਸ਼ ਅਰੋੜਾ ਅਤੇ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਾਦਸੇ ਵਾਲੀ ਥਾਂ 'ਤੇ ਮੋਰਚਰੀ ਦੇ ਰਿਕਾਰਡ ਦੀ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਦੀ ਪਛਾਣ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਹਾਦਸੇ ਨੇ ਭਾਵੇਂ ਉਨ੍ਹਾਂ ਦੇ ਪਿਆਰੇ ਖੋਹ ਲਏ ਹਨ, ਪਰ ਇਸ ਤੋਂ ਬਾਅਦ ਹੋਈ ਚੋਰੀ ਨੇ ਉਨ੍ਹਾਂ ਦਾ ਵਿਸ਼ਵਾਸ ਵੀ ਚਕਨਾ ਚੂਰ ਕਰ ਦਿੱਤਾ ਹੈ |