ਖਮਾਣੋਂ, 2 ਦਸੰਬਰ (ਜੋਗਿੰਦਰ ਪਾਲ)-ਪੰਜਾਬ 'ਚ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ ਕਾਂਗਰਸ ਪਾਰਟੀ ਵੱਡੇ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗੀ ਅਤੇ ਕਾਂਗਰਸ ਹੋਰ ਮਜ਼ਬੂਤ ਬਣ ਕੇ ਉੱਭਰੇਗੀ | ਇਹ ਸਾਂਝਾ ਬਿਆਨ ਸੁਰਿੰਦਰ ਰਾਮਗੜ੍ਹ ਜ਼ਿਲ੍ਹਾ ਪ੍ਰਧਾਨ ਕਾਂਗਰਸ ਫ਼ਤਹਿਗੜ੍ਹ ਸਾਹਿਬ, ਸਰਬਜੀਤ ਸਿੰਘ ਜੀਤੀ ਬਲਾਕ ਪ੍ਰਧਾਨ ਅਤੇ ਡਾ. ਨਰੇਸ਼ ਚੌਹਾਨ ਆਗੂ ਤੇ ਸਾਬਕਾ ਐਸ.ਐਮ.ਓ ਨੇ ਸਾਂਝਾ ਕੀਤਾ | ਉਨ੍ਹਾਂ ਕਿਹਾ ਕਿ ਕਾਂਗਰਸ ਹੀ ਇਕ ਅਜਿਹੀ ਪਾਰਟੀ ਹੈ, ਜਿਸ ਨੇ ਆਪਣੇ ਵਧੀਆ ਉਮੀਦਵਾਰਾਂ ਦੀ ਚੋਣ ਕਰਕੇ ਇਨ੍ਹਾਂ ਨੂੰ ਚੋਣਾਂ 'ਚ ਖੜ੍ਹਾ ਕੀਤਾ ਹੈ ਅਤੇ ਸਾਰੇ ਪਿੰਡਾਂ ਵਿਚ ਕਾਂਗਰਸ ਦੇ ਵਰਕਰਾਂ ਅਤੇ ਹੋਰਨਾਂ ਵੋਟਰਾਂ ਵਿਚ ਪਾਰਟੀ ਚੋਣ ਨਿਸ਼ਾਨ 'ਤੇ ਚੋਣ ਲੜਨ ਲਈ ਭਾਰੀ ਉਤਸ਼ਾਹ ਹੈ | ਉਨ੍ਹਾਂ ਕਿਹਾ ਕਿ ਚੋਣਾਂ ਦੀ ਤਿਆਰੀ ਮੁਕੰਮਲ ਕਰ ਲਈ ਗਈ ਹੈ ਅਤੇ ਕਾਂਗਰਸ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗੀ | ਉਕਤ ਆਗੂਆਂ ਨੇ ਕਿਹਾ ਕਿ 'ਆਪ' ਅਤੇ ਹੋਰ ਪਾਰਟੀਆਂ ਨੂੰ ਚੋਣਾਂ ਲੜਨ ਲਈ ਉਮੀਦਵਾਰ ਨਹੀਂ ਮਿਲ ਰਹੇ ਕਿਉਂਕਿ ਪੰਜਾਬ ਦੇ ਲੋਕਾਂ ਦਾ 'ਆਪ' ਅਤੇ ਅਕਾਲੀ ਦਲ ਤੋਂ ਵਿਸ਼ਵਾਸ ਉੱਠ ਚੁੱਕਿਆ ਹੈ ਅਤੇ ਆਉਣ ਵਾਲੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਵਿਚ ਲੋਕ ਆਪਣੀ ਵੋਟ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਪਾ ਕੇ ਕਾਂਗਰਸ ਪ੍ਰਤੀ ਆਪਣਾ ਵਿਸ਼ਵਾਸ ਦਿਖਾਉਣਗੇ |