ਸਮਾਣਾ, 20 ਨਵੰਬਰ (ਸਾਹਿਬ ਸਿੰਘ)-ਗਾਂਧੀ ਚੌਕ ਸਥਿਤ ਵਿੱਕੀ ਕੰਨਫੈਕਸ਼ਰੀ ਵਿਚ ਵੀਰਵਾਰ ਸਵੇਰੇ 2-2.15 'ਤੇ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ | ਦੁਕਾਨ ਮਾਲਕ ਮਨਜੀਤ ਸਿੰਘ ਨੇ ਦੱਸਿਆ ਕਿ ਰਾਤ ਕਰੀਬ 3 ਵਜੇ ਬਾਜ਼ਾਰ ਦੇ ਚੌਕੀਦਾਰ ਦਾ ਫ਼ੋਨ ਆਇਆ ਕਿ ਦੁਕਾਨ 'ਚ ਅੱਗ ਲੱਗੀ ਹੈ | ਮੌਕੇ 'ਤੇ ਪਹੁੰਚਣ 'ਤੇ ਫਾਇਰ ਬਿ੍ਗੇਡ ਦੀਆਂ ਗੱਡੀਆਂ ਪਹਿਲਾਂ ਹੀ ਅੱਗ ਬੁਝਾਉਣ 'ਚ ਲੱਗੀਆਂ ਹੋਈਆਂ ਸਨ | ਕਰੀਬ ਦੋ ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ ਪਰ ਉਸ ਸਮੇਂ ਤੱਕ ਦੁਕਾਨ ਦਾ ਬਹੁਤ ਸਾਰਾ ਸਾਮਾਨ ਸੜ ਚੁੱਕਾ ਸੀ | ਮਾਲਕ ਮਨਜੀਤ ਸਿੰਘ ਨੇ ਦੱਸਿਆ ਕਿ ਦੁਕਾਨ ਡਬਲ ਸਟੋਰੀ ਹੋਣ ਕਾਰਨ ਅੱਗ ਨੇ ਹੇਠਲੇ ਤੇ ਉੱਪਰਲੇ ਹਿੱਸੇ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ਵਿਚ ਲੈ ਲਿਆ | ਸ਼ੁਰੂਆਤੀ ਜਾਂਚ ਮੁਤਾਬਿਕ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸਰਕਟ ਸ਼ਾਟ ਹੋਣਾ ਦੱਸਿਆ ਜਾ ਰਿਹਾ ਹੈ | ਸੂਚਨਾ ਮਿਲਦਿਆਂ ਹੀ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਅੱਗ ਨਾਲ ਰਾਖ ਹੋਈ ਦੁਕਾਨ 'ਤੇ ਪਹੁੰਚੇ ਅਤੇ ਦੁਕਾਨ ਮਾਲਕ ਮਨਜੀਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਾਜਨ ਤੇ ਵਿੱਕੀ ਨਾਲ ਹਮਦਰਦੀ ਪ੍ਰਗਟ ਕੀਤੀ | ਥਾਣਾ ਸ਼ਹਿਰੀ ਸਮਾਣਾ ਦੀ ਪੁਲਿਸ ਨੇ ਵੀ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਉਣ ਵਿਚ ਸਹਿਯੋਗ ਦਿੱਤਾ |