ਮੰਡੀ ਗੋਬਿੰਦਗੜ੍ਹ, 19 ਨਵੰਬਰ (ਇਕਬਾਲਦੀਪ ਸੰਧੂ)-ਗੋਬਿੰਦਗੜ੍ਹ ਪਬਲਿਕ ਸਕੂਲ ਵਿਚ 46ਵਾਂ ਸਾਲਾਨਾ ਇਨਾਮ ਵੰਡ ਸਮਾਰੋਹ 'ਅਨੁਬੰਧਨ' ਦਾ ਪਹਿਲਾ ਦਿਨ ਬੜੀ ਧੂਮ-ਧਾਮ ਅਤੇ ਰੰਗਾ-ਰੰਗ ਪੇਸ਼ਕਾਰੀਆਂ ਨਾਲ ਮਨਾਇਆ ਗਿਆ | ਸਮਾਗਮ ਵਿਚ ਰਾਜ ਗੋਇਲ ਚੇਅਰਮੈਨ ਮੈਨੇਜਮੈਂਟ ਕਮੇਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਸੰਜੇ ਭਾਟੀਆ, ਪਿਆਰਾ ਸਿੰਘ ਕਲਸੀ, ਅਤੁਲ ਅਗਰਵਾਲ, ਸਕੱਤਰ ਨਿਤਿਨ ਸੱਗੜ, ਰਾਹੁਲ ਗੋਇਲ, ਸ਼ਿਪਰਾ ਗੋਇਲ, ਡਾ. ਨੀਨਾ ਸੇਠ ਪਜਨੀ ਪਿ੍ੰਸੀਪਲ ਜੀ.ਪੀ.ਸੀ., ਨਿਸ਼ੀ ਡਾਇਰੈਕਟਰ ਪੀ.ਆਈ.ਐੱਮ.ਟੀ., ਵਿਨੋਦ ਗੋਇਲ ਵਿਸ਼ੇਸ਼ ਰੂਪ ਵਿਚ ਸ਼ਾਮਿਲ ਸਨ | ਸਕੂਲ ਪਿ੍ੰਸੀਪਲ ਡਾ. ਨੀਰੂ ਅਰੋੜਾ ਨੇ ਸਾਰੇ ਮਹਿਮਾਨਾਂ ਅਤੇ ਮਾਪਿਆਂ ਦਾ ਸਵਾਗਤ ਕਰਦਿਆਂ ਰਿਸ਼ਤਿਆਂ ਬਾਰੇ ਸੁੰਦਰ ਕਵਿਤਾ ਪੜ੍ਹੀ ਅਤੇ 'ਅਨੁਬੰਧਨ' ਦਾ ਅਰਥ ਵੀ ਸਮਝਾਇਆ | ਉਨ੍ਹਾਂ ਕਿਹਾ ਕਿ ਰਿਸ਼ਤੇ ਸਾਨੂੰ ਅਧਾਰ, ਖੰਭ ਅਤੇ ਜੜ੍ਹਾਂ ਸਭ ਕੁਝ ਦਿੰਦੇ ਹਨ | ਇਸ ਮੌਕੇ ਮੁੱਖ ਮਹਿਮਾਨ ਰਾਜ ਗੋਇਲ ਨੇ ਬੱਚਿਆਂ, ਅਧਿਆਪਕਾਂ ਅਤੇ ਮਾਪਿਆਂ ਦੇ ਵਿਚਕਾਰ ਅਟੁੱਟ ਰਿਸ਼ਤੇ 'ਅਨੁਬੰਧਨ' ਨੂੰ ਸਮਾਰੋਹ ਦੀ ਰੂਹ ਕਿਹਾ | ਉਨ੍ਹਾਂ ਨੇ ਅਧਿਆਪਕਾਂ ਨੂੰ ਬੱਚਿਆਂ ਦੇ ਜੀਵਨ ਦੇ ਸ਼ਿੰਗਾਰਕ ਕਰਤਾ ਕਿਹਾ ਅਤੇ ਵਿਦਿਆਰਥੀਆਂ ਨੂੰ ਆਪਣੇ ਸੁਪਨੇ ਪੂਰੇ ਕਰਨ ਲਈ ਲਗਨ ਅਤੇ ਮਿਹਨਤ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਪ੍ਰੋਗਰਾਮਾਂ ਦੀ ਸ਼ੁਰੂਆਤ ਮੰਚ 'ਤੇ ਗਜਾਨਨ ਦੀ ਝਨਕਾਰ, ਖੰਮਾ ਘਣੀ ਰਾਜਸਥਾਨ ਦੀ ਰਵਾਇਤੀ ਸ਼ਾਨ, ਬਾਰਬੀ ਬੀਟ ਬਲਾਸਟ, ਸਾਲਸਾ ਸੌਲਫਾਇਰ, ਆਧੁਨਿਕ ਤੇ ਇਟਾਲੀਅਨ ਨਿ੍ਤ, ਪੱਛਮੀ ਗਰੁੱਪ ਗੀਤ, ਲੋਕ ਗੀਤ ਸਮੂਹ ਗਾਇਨ, ਟੱਪੇ, ਪੰਜਾਬੀ ਬੋਲੀਆਂ ਅਤੇ ਬੀਹੂ ਨਿ੍ਤ ਵਰਗੀਆਂ ਪ੍ਰਸਤੁਤੀਆਂ ਨੇ ਸਮਾਗਮ ਨੂੰ ਰੰਗਾਂ ਨਾਲ ਭਰ ਦਿੱਤਾ ਜਦਕਿ ਸੱਭਿਆਚਾਰਕ ਵਿਰਸੇ ਨੂੰ ਦਰਸਾਉਂਦੀਆਂ ਕਿ੍ਸ਼ਨ ਲੀਲ੍ਹਾ, ਉੜੀਸੀ ਨਾਚ, ਮਹਾਂਭਾਰਤ ਅਤੇ ਦਰਬਾਰ-ਏ-ਨਵਰਤਨ ਨੇ ਦਰਸ਼ਕਾਂ ਨੂੰ ਭਾਰਤੀ ਪਰੰਪਰਾਵਾਂ ਨਾਲ ਜੋੜਿਆ | ਏਕਤਾ ਦਾ ਬੰਧਨ, ਰੁੱਖਾਂ ਨਾਲ ਨਾਤਾ, ਪਸ਼ੂ-ਪੰਛੀਆਂ ਨਾਲ ਰਿਸ਼ਤਾ, ਤਿੰਨ ਧਰਤੀਆਂ ਦੀ ਕਹਾਣੀ, ਮੋਬਾਈਲ ਐਕਟ ਅਤੇ ਫਾਈਵ ਐਲੀਮੈਂਟਸ-ਵਨ ਯੂਨੀਵਰਸ ਵਰਗੀਆਂ ਪ੍ਰਸਤੁਤੀਆਂ ਨੇ ਵਾਤਾਵਰਨ ਅਤੇ ਸਮਾਜਕ ਜ਼ਿੰਮੇਵਾਰੀਆਂ ਮੱਦੇਨਜ਼ਰ ਰੱਖਦਿਆਂ ਮਹੱਤਵਪੂਰਨ ਸੁਨੇਹੇ ਦਿੱਤੇ | ਵਿਦਿਆਰਥੀਆਂ ਨੇ ਅਸਪਾਇਰ ਵਾਕ, ਡਰੀਮਰਜ਼ ਇਨ ਮੋਸ਼ਨ, ਸਪਤਕ-ਜਾਦੂਈ ਸੱਤ ਸੁਰ ਅਤੇ ਟੈਰਾ ਦ ਐਕਸਪਲੋਰਰ ਰਾਹੀਂ ਆਪਣੀ ਰਚਨਾਤਮਿਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | 'ਮਾਂ' ਨੂੰ ਸਮਰਪਿਤ ਕਵਿਤਾ ਨੇ ਹਾਲ ਵਿਚ ਮੌਜੂਦ ਹਰ ਕਿਸੇ ਨੂੰ ਭਾਵੁਕ ਕਰ ਦਿੱਤਾ | ਨੰਨ੍ਹੇ -ਮੁੰਨੇ ਬੱਚਿਆਂ ਨੇ ਵੱਖ-ਵੱਖ ਕਿੱਤਿਆਂ ਬਾਰੇ ਜਾਣਕਾਰੀ ਦੇ ਕੇ ਸਭ ਦੀ ਵਾਹ-ਵਾਹ ਖੱਟੀ | ਪ੍ਰੋਗਰਾਮ ਦੌਰਾਨ ਅਕਾਦਮਿਕ, ਖੇਡਾਂ ਅਤੇ ਹੋਰ ਪ੍ਰਗਟਾਵੇ ਵਿਚ ਕਾਬਿਲ-ਏ-ਤਾਰੀਫ਼ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਅਤੇ ਸਨਮਾਨ ਦਿੱਤੇ ਗਏ |