ਸੰਘੋਲ, 19 ਨਵੰਬਰ (ਗੁਰਨਾਮ ਸਿੰਘ ਚੀਨਾ)-ਐਸ.ਪੀ. ਜਸਕੀਰਤ ਸਿੰਘ ਫ਼ਤਹਿਗੜ੍ਹ ਸਾਹਿਬ ਨੇ ਪੁਲਿਸ ਪਾਰਟੀ ਸਮੇਤ ਕਾਸੋ ਆਪੇ੍ਰਸ਼ਨ ਤਹਿਤ ਪਿੰਡ ਪਨੈਚਾਂ ਦੇ ਇਕ ਧਾਰਮਿਕ ਅਸਥਾਨ ਨਜ਼ਦੀਕ ਤੇ ਪਿੰਡ ਸਿੱਧੂਪੁਰ ਕਲਾਂ ਦੇ ਸਕੂਲ ਦੇ ਖੇਡ ਗਰਾਊਾਡ ਦਾ ਦੌਰਾ ਕੀਤਾ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ, ਚਲਾਈ ਮੁਹਿੰਮ ਤਹਿਤ ਕਾਸੋ ਆਪੇ੍ਰਸ਼ਨ ਦੌਰਾਨ ਵੱਖ-ਵੱਖ ਟੀਮਾਂ ਨੇ ਕਈ ਥਾਵਾਂ ਦੀ ਜਾਂਚ ਕੀਤੀ | ਉਨ੍ਹਾਂ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਕੁਝ ਸ਼ਰਾਰਤੀ ਅਨਸਰ ਵੱਖ-ਵੱਖ ਥਾਵਾਂ 'ਤੇ ਆ ਕੇ ਨਸ਼ੇ ਦਾ ਸੇਵਨ ਕਰਦੇ ਹਨ, ਜਿਸ ਤਹਿਤ ਸਿੱਧੂਪੁਰ ਕਲਾਂ ਦੇ ਸਰਕਾਰੀ ਸਕੂਲ ਦੇ ਖੇਡ ਗਰਾਊਾਡ ਅਤੇ ਪਿੰਡ ਪਨੈਚਾਂ ਦੇ ਇਕ ਧਾਰਮਿਕ ਸਥਾਨ ਦੇ ਨੇੜੇ ਪੁਲਿਸ ਵਲੋਂ ਚੈਕਿੰਗ ਕੀਤੀ ਗਈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਥਾਵਾਂ 'ਤੇ ਪੁਲਿਸ ਵਲੋਂ ਗਸ਼ਤ ਤੇਜ਼ ਕੀਤੀ ਜਾਵੇਗੀ ਤੇ ਅਜਿਹੇ ਅਨਸਰਾਂ 'ਤੇ ਪੁਲਿਸ ਵਲੋਂ ਨਜ਼ਰ ਰੱਖੀ ਜਾਵੇਗੀ | ਉਨ੍ਹਾਂ ਦੱਸਿਆ ਕਿ ਜਿੱਥੇ ਪੁਲਿਸ ਨੂੰ ਲੱਗਦਾ ਹੈ ਕਿ ਨੌਜਵਾਨ ਨਸ਼ੇ ਦਾ ਸੇਵਨ ਕਰਦੇ ਹਨ, ਉਨ੍ਹਾਂ ਥਾਵਾਂ 'ਤੇ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਜਾਣਗੇ | ਜਾਂਚ ਦੌਰਾਨ ਭਾਵੇਂ ਨਸ਼ੇ ਨਾਲ ਸਬੰਧਿਤ ਕੋਈ ਸਮੱਗਰੀ ਨਹੀਂ ਮਿਲੀ ਪ੍ਰੰਤੂ ਪੁਲਿਸ ਵਲੋਂ ਇਨ੍ਹਾਂ ਥਾਵਾਂ 'ਤੇ ਗਸ਼ਤ ਤੇਜ਼ ਕਰ ਦਿੱਤੀ ਹੈ | ਇਸ ਮੌਕੇ ਸੰਘੋਲ ਚੌਂਕੀ ਦੇ ਇੰਚਾਰਜ ਹਰਮਿੰਦਰ ਸਿੰਘ, ਖੇੜੀ ਨੌਧ ਸਿੰਘ ਥਾਣੇ ਦੇ ਮੁੱਖ ਅਫ਼ਸਰ ਸਬ ਇੰਸਪੈਕਟਰ ਬਲਵੀਰ ਸਿੰਘ ਤੇ ਥਾਣਾ ਖਮਾਣੋਂ ਦੇ ਮੁੱਖ ਅਫ਼ਸਰ ਸਪਿੰਦਰ ਸਿੰਘ ਸਮੇਤ ਵੱਡੀ ਗਿਣਤੀ 'ਚ ਪੁਲਿਸ ਫੋਰਸ ਮੌਜੂਦ ਸੀ |