ਫ਼ਤਹਿਗੜ੍ਹ ਸਾਹਿਬ, 5 ਨਵੰਬਰ (ਬਲਜਿੰਦਰ ਸਿੰਘ)-ਫ਼ਤਹਿਗੜ੍ਹ ਸਾਹਿਬ ਪੁਲਿਸ ਨੂੰ ਬੀਤੇ ਦਿਨ ਸਵੇਰੇ ਬਸੀ ਰੋਡ ਤੋਂ ਭੇਦ ਭਰੇ ਹਾਲਾਤਾਂ ਵਿਚ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਸੀ | ਮਿ੍ਤਕ ਦੀ ਪਛਾਣ ਸੁਰਜੀਤ ਸਿੰਘ ਉਮਰ (46) ਵਾਸੀ ਪਿੰਡ ਆਲ਼ੀਆ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਜੋਂ ਹੋਈ ਸੀ, ਜਿਸ ਦੀ ਬਾਰੀਕੀ ਨਾਲ ਜਾਂਚ ਪੜਤਾਲ ਕਰਨ ਤੋਂ ਬਾਅਦ ਪੁਲਿਸ ਨੇ ਮਿ੍ਤਕ ਦੇ ਭਤੀਜੇ ਜਸਵੀਰ ਸਿੰਘ ਪੁੱਤਰ ਬਲਵੀਰ ਚੰਦ ਦੇ ਬਿਆਨਾਂ ਤਹਿਤ ਮਿ੍ਤਕ ਦੀ ਪਤਨੀ ਅਤੇ ਉਸ ਦੇ ਸਾਥੀ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ | ਪੁਲਿਸ ਵਲੋਂ ਦਰਜ ਕੀਤੇ ਮੁਕੱਦਮੇ ਅਨੁਸਾਰ ਸ਼ਿਕਾਇਤ ਕਰਤਾ ਜਸਵੀਰ ਸਿੰਘ ਨੇ ਆਪਣੇ ਬਿਆਨਾਂ 'ਚ ਦੱਸਿਆ ਕਿ ਉਸ ਦਾ ਚਾਚਾ ਸੁਰਜੀਤ ਸਿੰਘ ਉਰਫ ਸੋਨੀ ਕੁਝ ਸਮਾਂ ਪਹਿਲਾਂ ਵਿਦੇਸ਼ ਦੁਬਈ ਚਲਾ ਗਿਆ ਸੀ | ਜੋ 3-4 ਸਾਲ ਵਿਦੇਸ਼ ਵਿਚ ਰਿਹਾ | ਉਸਦੇ ਚਾਚੇ ਦੇ ਵਿਦੇਸ਼ ਜਾਣ ਪਿੱਛੋਂ ਉਸਦੀ ਚਾਚੀ ਦੇ ਅਮਰਨਾਥ ਉਰਫ ਜੈਮਲ ਨਾਲ ਕਥਿਤ ਤੌਰ ਤੇ ਨਜਾਇਜ਼ ਸਬੰਧ ਬਣ ਗਏ | ਇਸ ਗੱਲ ਦਾ ਉਸਦੇ ਚਾਚੇ ਨੂੰ ਪਤਾ ਲੱਗਾ ਤਾਂ ਉਹ ਦੁਬਈ ਤੋਂ ਕੰਮ ਛੱਡ ਕੇ ਵਾਪਸ ਪਿੰਡ ਆ ਗਿਆ, ਜਿਸ ਨੇ ਕਈ ਵਾਰ ਆਪਣੀ ਪਤਨੀ ਅਤੇ ਅਮਰਨਾਥ ਨੂੰ ਅਜਿਹਾ ਨਾ ਕਰਨ ਤੋਂ ਰੋਕਿਆ ਸੀ, ਪਰ ਉਸਦੀ ਚਾਚੀ ਅਤੇ ਅਮਰਨਾਥ ਉਸ ਦੇ ਚਾਚੇ ਨੂੰ ਧਮਕਾਉਣ ਲੱਗ ਗਏ | ਇਸੇ ਕਰਕੇ ਹੀ ਇਨ੍ਹਾਂ ਦੇ ਪਰਿਵਾਰ ਵਿਚ ਕਲੇਸ਼ ਰਹਿੰਦਾ ਸੀ | ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸ ਦੇ ਚਾਚੇ ਸੁਰਜੀਤ ਸਿੰਘ ਨੇ ਉਸਦੇ ਪਰਿਵਾਰ ਨੂੰ ਘਰ ਆ ਕੇ ਕਈ ਵਾਰ ਕਿਹਾ ਸੀ, ਕਿ ਮੈਨੂੰ ਆਪਣੀ ਘਰਵਾਲੀ ਅਤੇ ਅਮਰਨਾਥ ਤੋਂ ਖਤਰਾ ਹੈ, ਜੋ ਕਿਸੇ ਵੀ ਸਮੇਂ ਮੇਰੇ ਨਾਲ ਕੁਝ ਵੀ ਕਰ ਸਕਦੇ ਹਨ | ਉਸ ਨੇ ਦੱਸਿਆ ਕਿ ਅੱਜ ਸਵੇਰੇ ਲਗਭਗ 7 ਵਜੇ ਜਦੋਂ ਉਹ ਘਰ ਤੋਂ ਬਾਹਰ ਖੇਤਾਂ ਵਿਚ ਗਿਆ, ਤਾਂ ਦੇਖਿਆ ਕਿ ਸਿਮਰਨਜੀਤ ਸਿੰਘ ਦੇ ਖੇਤ ਪਪੀਤਿਆਂ ਦੇ ਦਰਖਤਾਂ ਵਿਚ ਇਕ ਲਾਸ਼ ਖੂਨ ਨਾਲ ਲੱਥ ਪੱਥ ਪਈ ਸੀ, ਜੋ ਕਿ ਉਸਦੇ ਚਾਚੇ ਸੁਰਜੀਤ ਸਿੰਘ ਦੀ ਸੀ | ਜਿਸ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕਰਕੇ ਲਾਸ਼ ਨੂੰ ਖੇਤਾਂ ਵਿਚ ਸੁੱਟ ਦਿੱਤਾ ਗਿਆ ਸੀ | ਪੁਲਿਸ ਨੇ ਜਸਵੀਰ ਸਿੰਘ ਦੇ ਬਿਆਨਾਂ ਤਹਿਤ ਮਿ੍ਤਕ ਦੀ ਪਤਨੀ ਅਤੇ ਅਮਰਨਾਥ ਉਰਫ ਜੈਮਲ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਸੁਰਜੀਤ ਸਿੰਘ ਦੀ ਲਾਸ਼ ਦਾ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਤੋਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ | ਇਸ ਮੌਕੇ ਕਪਤਾਨ ਪੁਲਿਸ (ਜਾਂਚ) ਰਾਕੇਸ਼ ਕੁਮਾਰ ਯਾਦਵ ਨੇ ਦੱਸਿਆ ਕਿ ਮੁੱਢਲੀ ਪੜਤਾਲ ਤੋਂ ਪਤਾ ਲੱਗਾ ਕਿ ਇਹ ਕਤਲ ਦਾ ਮਾਮਲਾ ਹੈ, ਜਿਸ ਸਬੰਧੀ ਥਾਣਾ ਫ਼ਤਹਿਗੜ੍ਹ ਸਾਹਿਬ ਵਿਖੇ ਬੀ.ਐਨ.ਐਸ ਐਕਟ 2023 ਦੀ ਧਾਰਾ 103, 3 (5) ਅਧੀਨ ਮਿ੍ਤਕ ਦੀ ਪਤਨੀ ਅਤੇ ਇਕ ਹੋਰ ਵਿਅਕਤੀ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ |