ਫ਼ਤਹਿਗੜ੍ਹ ਸਾਹਿਬ, 21 ਜੁਲਾਈ (ਮਨਪ੍ਰੀਤ ਸਿੰਘ)-ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਵਾਸੀਆਂ ਦੀ ਸਿਹਤ ਦਾ ਰਿਕਾਰਡ ਡਿਜੀਟਲ ਰੱਖਣ ਲਈ ਆਭਾ ਆਈ. ਡੀ. ਬਣਾਉਣ ਲਈ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ ਅਤੇ ਇਸ ਦੇ ਫ਼ਾਇਦਿਆਂ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ | ਜ਼ਿਲ੍ਹਾ ਹਸਪਤਾਲ ਵਿਚ ਸੀਨੀਅਰ ਮੈਡੀਕਲ ਅਫ਼ਸਰ ਡਾ. ਕੰਵਲਦੀਪ ਸਿੰਘ ਦੀ ਅਗਵਾਈ ਹੇਠ ਲਗਾਏ ਜਾਗਰੂਕਤਾ ਕੈਂਪ ਵਿਚ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਦੱਸਿਆ ਕਿ ਕੋਈ ਵੀ ਚਾਹਵਾਨ ਵਿਅਕਤੀ ਆਪਣੇ ਮੋਬਾਈਲ ਵਿਚ ਪਲੇਅ ਸਟੋਰ 'ਤੇ ਜਾ ਕੇ ਆਭਾ ਐਪ ਨੂੰ ਮੋਬਾਈਲ ਵਿਚ ਡਾਊਨਲੋਡ ਕਰਕੇ ਆਪਣੇ ਆਧਾਰ ਜਾਂ ਮੋਬਾਈਲ ਨੰਬਰ ਨਾਲ ਆਯੂਸ਼ਮਾਨ ਭਾਰਤ ਹੈਲਥ ਅਕਾਊਾਟ ਬਣਾ ਸਕਦਾ ਹੈ | ਆਭਾ ਆਈ.ਡੀ. ਨੰਬਰ ਜਨਰੇਟ ਹੋਣ 'ਤੇ ਸਿਹਤ ਨਾਲ ਸਬੰਧਿਤ ਸਾਰੇ ਵੇਰਵੇ ਅਤੇ ਰਿਪੋਰਟਾਂ ਇਕ ਹੀ ਥਾਂ 'ਤੇ ਮੋਬਾਈਲ ਐਪਲੀਕੇਸ਼ਨ ਵਿਚ ਸਕੈਨ ਕਰਕੇ ਰੱਖੀਆਂ ਜਾ ਸਕਦੀਆਂ ਹਨ | ਉਨ੍ਹਾਂ ਦੱਸਿਆ ਕਿ ਆਭਾ ਆਈ.ਡੀ. ਵਾਲਾ ਵਿਅਕਤੀ ਜੇਕਰ ਬਿਮਾਰ ਹੋ ਜਾਵੇ ਤਾਂ ਉਸ ਨੂੰ ਆਪਣਾ ਇਲਾਜ ਕਰਾਉਣ ਲਈ ਹਸਪਤਾਲ ਵਿਚ ਬਹੁਤਾ ਸਮਾਂ ਲੰਮੀਆਂ ਲਾਈਨਾਂ ਵਿਚ ਖੜ੍ਹਨ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਨਾ ਹੀ ਉਸ ਨੂੰ ਆਪਣੀ ਸਿਹਤ ਦੇ ਰਿਕਾਰਡ/ਰਿਪੋਰਟਾਂ ਦੀ ਹਾਰਡ ਕਾਪੀ ਚੁੱਕਣ ਦੀ ਜ਼ਰੂਰਤ ਹੋਵੇਗੀ ਬਲਕਿ ਮਰੀਜ਼ ਆਭਾ ਆਈ.ਡੀ. ਨਾਲ ਸਿਹਤ ਸਬੰਧੀ ਸਾਰੀਆਂ ਰਿਪੋਰਟਾਂ ਆਪਣੇ ਡਾਕਟਰ ਨੂੰ ਦਿਖਾ ਸਕੇਗਾ | ਇਸ ਨਾਲ ਪੁਰਾਣਾ ਰਿਕਾਰਡ ਦੇਖ ਕੇ ਡਾਕਟਰ ਨੂੰ ਇਲਾਜ ਕਰਨਾ ਵੀ ਸੌਖਾ ਹੋਵੇਗਾ | ਉੁਨ੍ਹਾਂ ਕਿਹਾ ਕਿ ਜ਼ਿਲੇ੍ਹ ਅੰਦਰ ਸਰਕਾਰੀ ਹਸਪਤਾਲਾਂ ਵਿਚ ਅਜਿਹੇ ਬੈਨਰ/ਪੋਸਟਰ ਲਗਾਏ ਗਏ ਹਨ ਜਿਨ੍ਹਾਂ 'ਤੇ ਬਾਰ ਕੋਡ ਦਰਸਾਏ ਗਏ ਹਨ ਇਨ੍ਹਾਂ ਹਸਪਤਾਲਾਂ ਵਿਚ ਆਪਣਾ ਇਲਾਜ ਕਰਵਾਉਣ ਆਏ ਮਰੀਜ਼ ਇਹ ਕਾਰਡ ਬਣਾਉਣ ਦੇ ਲਾਭ ਨੂੰ ਸਮਝਦੇ ਹੋਏ ਕੋਡ ਸਕੈਨ ਕਰਕੇ ਆਪਣਾ ਆਭਾ ਨੰਬਰ ਜਨਰੇਟ ਕਰ ਸਕਦੇ ਹਨ | ਸਿਵਲ ਸਰਜਨ ਨੇ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਆਪੋ ਆਪਣੀ ਆਭਾ ਆਈ.ਡੀ. ਬਣਾਉਣ ਦੀ ਅਪੀਲ ਕੀਤੀ | ਇਸ ਮੌਕੇ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਬਲਜਿੰਦਰ ਸਿੰਘ, ਅਮਨਪ੍ਰੀਤ ਸਿੰਘ, ਕੰਪਿਊਟਰ ਆਪਰੇਟਰ ਸੁਖਜੀਤ ਕੌਰ, ਮਾਨਵ ਸ਼ਾਹ, ਧਰਮ ਸਿੰਘ, ਮਨਵੀਰ ਸਿੰਘ, ਮਰੀਜ਼ ਅਤੇ ਉਨ੍ਹਾਂ ਦੇ ਵਾਰਸ ਹਾਜ਼ਰ ਸਨ |