ਫ਼ਤਹਿਗੜ੍ਹ ਸਾਹਿਬ, 18 ਜੁਲਾਈ (ਬਲਜਿੰਦਰ ਸਿੰਘ)-ਪਿਛਲੇ ਕੁਝ ਦਿਨਾਂ ਤੋਂ ਸਿਫ਼ਤੀ ਦੇ ਘਰ ਸ੍ਰੀ ਹਰਿਮੰਦਰ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਲਈ ਈ-ਮੇਲ ਰਾਹੀਂ ਲਗਾਤਾਰ ਮਿਲ ਰਹੀਆਂ ਧਮਕੀਆਂ ਨੂੰ ਲੈ ਕੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਕੇਂਦਰ ਸਰਕਾਰ ਪਾਸੋਂ ਸ੍ਰੀ ਦਰਬਾਰ ਸਾਹਿਬ ਵਿਖੇ ਕੇਂਦਰੀ ਸੁਰੱਖਿਆ ਬਲ ਤਾਇਨਾਤ ਕੀਤੇ ਜਾਣ ਦੀ ਕੀਤੀ ਮੰਗ ਦਾ ਸਖ਼ਤ ਵਿਰੋਧ ਪ੍ਰਗਟਾਉਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਪੰਥ ਪ੍ਰਚਾਰਕ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਸਿਆਸੀ ਆਗੂਆਂ ਨੂੰ ਆਪਣੀ ਸਿਆਸਤ ਚਮਕਾਉਣ ਲਈ ਧਾਰਮਿਕ ਮਸਲੇ ਸਬੰਧੀ ਕੋਈ ਬਿਆਨ ਦੇਣ ਤੋਂ ਪਹਿਲਾਂ ਮਰਿਆਦਾ ਅਤੇ ਸਿੱਖ ਪਰੰਪਰਾਵਾਂ ਦਾ ਵੀ ਖ਼ਿਆਲ ਰੱਖਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸ. ਔਜਲਾ ਦੀ ਮੰਗ ਕਿਸੇ ਵੀ ਪੱਖ ਤੋਂ ਵਾਜਬ ਨਹੀਂ ਹੈ | ਕੇਂਦਰੀ ਸੁਰੱਖਿਆ ਬਲਾਂ ਵਿਚ ਬਾਹਰਲੇ ਸੂਬਿਆਂ ਦੇ ਉਹ ਲੋਕ ਜੋ ਤੰਬਾਕੂ ਅਤੇ ਮਾਸ ਦਾ ਸੇਵਨ ਕਰਦੇ ਹਨ, ਅਜਿਹੇ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤੇ ਜਾਣ ਨਾਲ ਮਰਿਆਦਾ ਅਤੇ ਪਵਿੱਤਰਤਾ ਕਾਇਮ ਨਹੀਂ ਰਹਿ ਸਕੇਗੀ, ਕਿਉਂਕਿ ਉਨ੍ਹਾਂ ਨੂੰ ਗੁਰਮਤਿ ਪਰੰਪਰਾਵਾਂ ਦਾ ਗਿਆਨ ਨਹੀਂ | ਉਨ੍ਹਾਂ ਕਿਹਾ ਕਿ ਸ. ਔਜਲਾ ਨੂੰ ਕੇਂਦਰੀ ਸੁਰੱਖਿਆ ਬਲਾਂ ਨੂੰ ਇੱਥੇ ਤਾਇਨਾਤ ਕੀਤੇ ਜਾਣ ਦੀ ਮੰਗ ਕਰਨ ਦੀ ਬਜਾਏ ਪੰਜਾਬ ਸਰਕਾਰ ਤੋਂ ਇਹ ਮੰਗ ਕਰਨੀ ਚਾਹੀਦੀ ਸੀ ਕਿ ਪੰਜਾਬ ਪੁਲਿਸ ਵਿਚ ਸੇਵਾਵਾਂ ਨਿਭਾਅ ਰਹੇ ਅੰਮਿ੍ਤਧਾਰੀ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਡਿਊਟੀ ਲਗਾਈ ਜਾਵੇ | ਭਾਈ ਰੰਧਾਵਾ ਨੇ ਕਿਹਾ ਕਿ ਜਦੋਂ ਉਹ ਪਹਿਲੀ ਵਾਰ ਅੰਤਿ੍ੰਗ ਕਮੇਟੀ ਦੇ ਮੈਂਬਰ ਬਣੇ ਸਨ ਤਾਂ ਉਨ੍ਹਾਂ ਲਿਖਤੀ ਮਤਾ ਪੇਸ਼ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਵਧ ਰਹੀ ਆਮਦ ਦੇ ਮੱਦੇਨਜ਼ਰ ਸੁਰੱਖਿਆ ਪੱਖੋਂ ਬੈਗਾਂ ਜਾਂ ਸੰਗਤਾਂ ਦੇ ਹੱਥ ਵਿਚਲੀਆਂ ਵਸਤੂਆਂ ਦੀ ਸਕੈਨ ਸਬੰਧੀ ਪ੍ਰਬੰਧ ਕਰਨ ਦੀ ਅਪੀਲ ਕੀਤੀ ਸੀ ਪ੍ਰੰਤੂ ਸ਼੍ਰੋਮਣੀ ਕਮੇਟੀ ਨੇ ਉਸ 'ਤੇ ਅਮਲ ਨਹੀਂ ਕੀਤਾ | ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰੰ ਅਪੀਲ ਕੀਤੀ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਸੁਰੱਖਿਆ ਦੇ ਪ੍ਰਬੰਧ ਆਪਣੇ ਪੱਧਰ 'ਤੇ ਕੀਤੇ ਜਾਣ ਅਤੇ ਜੇ ਕਿਤੇ ਅਸੀਂ ਸੁਰੱਖਿਆ ਪ੍ਰਬੰਧਾਂ ਪ੍ਰਤੀ ਅਵੇਸਲੇ ਰਹਿ ਗਏ ਤਾਂ ਉੱਥੇ ਸਰਕਾਰਾਂ ਦੁਆਰਾ ਅਜਿਹੇ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਜਾਣਗੇ ਜਿਨ੍ਹਾਂ ਨੂੰ ਗੁਰਮਤਿ ਪਰੰਪਰਾਵਾਂ ਦਾ ਉੱਕਾ ਹੀ ਗਿਆਨ ਨਹੀਂ | ਅਜਿਹੀ ਸਥਿਤੀ ਵਿਚ ਮਰਿਆਦਾ ਅਤੇ ਪਵਿੱਤਰਤਾ ਕਾਇਮ ਨਹੀਂ ਰਹਿ ਸਕੇਗੀ | ਇਸ ਲਈ ਸ਼੍ਰੋਮਣੀ ਕਮੇਟੀ ਨੂੰ ਇਹ ਜ਼ਿੰਮੇਵਾਰੀ ਵੀ ਆਪ ਹੀ ਨਿਭਾਉਣੀ ਚਾਹੀਦੀ ਹੈ ਜਿਸ ਵਿਚ ਸਮੂਹ ਸ਼੍ਰੋਮਣੀ ਕਮੇਟੀ ਮੈਂਬਰ, ਸਿੱਖ ਸੰਸਥਾਵਾਂ ਅਤੇ ਸੰਪਰਦਾਵਾਂ ਹਰ ਸਹਿਯੋਗ ਦੇਣ ਲਈ ਤਿਆਰ ਹਨ |