27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਸਰਕਾਰ ਦੇ ਫ਼ਰਮਾਨ ਨੇ ਮਰੀਜ਼ ਕੀਤੇ ਪ੍ਰੇਸ਼ਾਨ

ਅਜੀਤ ਡੈਸਕ 19-07-2025
ਬਸੀ ਪਠਾਣਾਂ, 18 ਜੁਲਾਈ (ਮੌਦਗਿਲ)-ਸਰਕਾਰ ਦਾ ਓ. ਓ. ਏ. ਟੀ. ਕਲੀਨਿਕ ਤੋਂ ਇਕ ਦਿਨ ਦੀ ਦਵਾਈ ਦੇਣ ਦਾ ਹੁਕਮ ਨਸ਼ੇ ਦੇ ਆਦੀ ਮਰੀਜ਼ਾਂ ਨੂੰ ਰਾਸ ਨਹੀਂ ਆ ਰਿਹਾ ਹੈ | ਇਸ ਫ਼ਰਮਾਨ ਨੇ ਸਿਰਫ਼ ਲੋਕਾਂ ਦੀ ਹੀ ਨਹੀਂ, ਸਟਾਫ਼ ਦੀ ਸਿਰਦਰਦੀ ਵੀ ਵਧਾ ਦਿੱਤੀ ਹੈ | ਸ਼ੁੱਕਰਵਾਰ ਨੂੰ ਕਮਿਊਨਿਟੀ ਹੈਲਥ ਸੈਂਟਰ (ਸੀ.ਐੱਚ.ਸੀ) ਬਸੀ ਪਠਾਣਾਂ ਵਿਚ ਸਥਿਤ ਓ.ਓ.ਏ.ਟੀ ਕਲੀਨਿਕ ਤੋਂ ਦਵਾਈ ਲੈਣ ਆਏ ਪਿੰਡ ਅਬਦੁੱਲਾਪੁਰ ਦੇ ਬਲਕਾਰ ਸਿੰਘ, ਫ਼ਿਰੋਜਪੁਰ ਤੋਂ ਰਜਿੰਦਰ ਸਿੰਘ, ਥਾਬਲਾਂ ਤੋਂ ਕਿਰਪਾਲ ਸਿੰਘ, ਸੇਹ ਤੋਂ ਹਰਸਿਮਰਨਦੀਪ ਸਿੰਘ, ਵਜੀਦਪੁਰ ਤੋਂ ਰਜਿੰਦਰ ਸਿੰਘ ਅਤੇ ਬਸੀ ਪਠਾਣਾਂ ਤੋਂ ਇਮਰਾਨ ਆਦਿ ਨੇ ਕਿਹਾ ਕਿ ਉਹ ਦਿਹਾੜੀ ਕਰਕੇ ਪਰਿਵਾਰ ਪਾਲ਼ਦੇ ਹਨ | ਉਨ੍ਹਾਂ ਕਿਹਾ ਕਿ ਉਹ ਨਸ਼ੇ ਦੀ ਆਦਤ ਛੱਡਣ ਲਈ ਡਾਕਟਰ ਵਲੋਂ ਲਿਖੀ ਦਵਾਈ ਲੈਣ ਲਈ ਦੂਰ-ਦੂਰ ਦੇ ਪਿੰਡਾਂ ਤੋਂ ਇਸ ਕਲੀਨਿਕ 'ਤੇ ਆਉਂਦੇ ਹਨ | ਉਨ੍ਹਾਂ ਦੱਸਿਆ ਕਿ ਪਹਿਲਾਂ ਇਕ ਹਫ਼ਤੇ ਦੀ ਦਵਾਈ ਮਿਲਦੀ ਸੀ ਪਰ ਜਦੋਂ ਤੋਂ ਸਰਕਾਰ ਨੇ ਇਕ ਦਿਨ ਦੀ ਦਵਾਈ ਦੇਣ ਦੇ ਆਦੇਸ਼ ਦਿੱਤੇ ਹਨ, ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਜੇਕਰ ਇਸੇ ਤਰ੍ਹਾਂ ਦਿਹਾੜੀ ਛੱਡ ਕੇ ਰੋਜ਼ ਆਉਣਾ ਪਿਆ ਤਾਂ ਪਰਿਵਾਰ ਪਾਲਣਾ ਔਖਾ ਹੋ ਜਾਵੇਗਾ | ਉਨ੍ਹਾਂ ਸਰਕਾਰ ਤੋਂ ਪਹਿਲਾਂ ਤੋਂ ਜਾਰੀ ਇਕ ਹਫ਼ਤੇ ਬਾਅਦ ਦਵਾਈ ਦੇਣ ਵਾਲਾ ਆਦੇਸ਼ ਮੁੜ ਤੋਂ ਲਾਗੂ ਕਰਨ ਦੀ ਅਪੀਲ ਕੀਤੀ ਹੈ | ਇਸ ਸੰਬੰਧੀ ਦਵਾਈ ਦੇ ਰਹੇ ਕਰਮਚਾਰੀ ਨੇ ਦੱਸਿਆ ਕਿ ਇਸ ਕਲੀਨਿਕ 'ਤੇ 500 ਮਰੀਜ਼ ਰੋਜ਼ਾਨਾ ਦਵਾਈ ਲੈਣ ਆ ਰਹੇ ਹਨ | ਉਨ੍ਹਾਂ ਮੰਨਿਆ ਕਿ ਸਰਕਾਰ ਦੇ ਹੁਕਮਾਂ ਨਾਲ ਸਟਾਫ਼ ਦੀ ਪ੍ਰੇਸ਼ਾਨੀ ਵੀ ਵਧੀ ਹੈ ਕਿਉਂਕਿ ਇਕ ਦਿਨ ਦੀ ਦਵਾਈ ਦੇਣ ਕਾਰਨ ਐਤਵਾਰ ਨੂੰ ਵੀ ਡਿਊਟੀ ਕਰਨੀ ਪੈ ਰਹੀ ਹੈ | ਇਸ ਸੰਬੰਧੀ ਸੈਂਟਰ ਦਾ ਵਾਧੂ ਚਾਰਜ ਸੰਭਾਲ ਰਹੇ ਐਸ. ਐਮ. ਓ ਨੰਦਪੁਰ ਡਾ. ਨਵਨੀਤ ਕੌਰ ਨੇ ਕਿਹਾ ਕਿ ਕਲੀਨਿਕ 'ਤੇ ਸਰਕਾਰ ਦੇ ਹੁਕਮਾਂ ਅਨੁਸਾਰ ਹੀ ਦਵਾਈ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਹਫ਼ਤਾਵਾਰੀ ਦਵਾਈ ਦੇਣ ਦਾ ਆਦੇਸ਼ ਦਿੰਦੀ ਹੈ ਤਾਂ ਉਸ 'ਤੇ ਅਮਲੀ ਜਾਮਾ ਪਹਿਨਾਇਆ ਜਾਵੇਗਾ |
ਪਿਛਲੀ ਖ਼ਬਰ ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਲਈ ਸਮਾਗਮ ਕਰਵਾਇਆ ਅਗਲੀ ਖ਼ਬਰ ਪਿੰਡ ਜਖਵਾਲੀ ਤੋਂ ਧਰਮਿੰਦਰ ਸਿੰਘ ਗੋਰਖਾ ਕਾਂਗਰਸ ਪਾਰਟੀ 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।