ਮੰਡੀ ਗੋਬਿੰਦਗੜ੍ਹ, 18 ਜੁਲਾਈ (ਰਾਜੇਸ਼ ਸ਼ਰਮਾ)-ਭਾਰਤ ਸਰਕਾਰ (ਕੇਂਦਰੀ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ) ਵਲੋਂ ਚਲਾਈ ਗਈ ਸਵੱਛ ਸਰਵੇਖਣ-2024 ਦੇ ਤਹਿਤ ਪੂਰੇ ਦੇਸ਼ ਭਰ ਵਿਚ ਸਫ਼ਾਈ, ਓ.ਡੀ.ਐਫ ਅਤੇ ਗਾਰਬੇਜ ਸਬੰਧੀ ਸਰਵੇਖਣ ਕਰਵਾਇਆ ਗਿਆ | ਜਿਸ ਦੇ ਚੱਲਦਿਆਂ ਨਗਰ ਕੌਂਸਲ ਗੋਬਿੰਦਗੜ੍ਹ ਨੂੰ ਸਵੱਛ ਸਰਵੇਖਣ-2024 'ਚੋਂ ਪੰਜਾਬ ਭਰ 'ਚੋਂ ਦੂਸਰਾ ਸਥਾਨ ਅਤੇ ਭਾਰਤ 'ਚੋਂ 61ਵਾਂ ਰੈਂਕ ਪ੍ਰਾਪਤ ਹੋਇਆ ਹੈ | ਇਸ ਦੇ ਨਾਲ ਹੀ ਗਾਰਬੇਜ ਫ਼ਰੀ ਸਿਟੀ ਸਟਾਰ ਰੇਟਿੰਗ ਵਿਚ ਪੰਜਾਬ ਦਾ ਥ੍ਰੀ ਸਟਾਰ ਰੈਂਕ ਵਾਲਾ ਇਕਲੌਤਾ ਸ਼ਹਿਰ ਬਣ ਗਿਆ ਹੈ | ਨਗਰ ਕੌਂਸਲ ਗੋਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਪਿ੍ੰਸ ਅਤੇ ਕੁਆਰਡੀਨੇਟਰ ਹਰਪ੍ਰੀਤ ਸਿੰਘ ਨੇ ਸਮੁੱਚੇ ਸ਼ਹਿਰ ਵਾਸੀਆਂ, ਸਮੂਹ ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਜਿਨ੍ਹਾਂ ਦੀ ਅਣਥੱਕ ਮਿਹਨਤ ਤੇ ਸਹਿਯੋਗ ਸਦਕਾ ਨਗਰ ਕੌਂਸਲ ਪ੍ਰਸ਼ਾਸ਼ਨ ਇਹ ਮੁਕਾਮ ਹਾਸਿਲ ਕਰਨ ਵਿਚ ਕਾਮਯਾਬ ਹੋਇਆ ਹੈ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਗੋਬਿੰਦਗੜ੍ਹ ਨੇ ਓ.ਡੀ.ਐਫ ਕੈਟਾਗਰੀ 'ਚੋਂ ਵਾਟਰ ਪਲੱਸ ਦਾ ਖ਼ਿਤਾਬ ਵੀ ਹਾਸਿਲ ਕੀਤਾ ਹੈ | ਅੰਕੜਿਆਂ ਮੁਤਾਬਿਕ ਇਹ ਖ਼ਿਤਾਬ, ਜਿਸ ਵਿਚ ਨਗਰ ਕੌਂਸਲ ਵਲੋਂ 98 ਫ਼ੀਸਦੀ ਡੋਰ ਟੂ ਡੋਰ ਕੁਲੈਕਸ਼ਨ, 69 ਫ਼ੀਸਦੀ ਸੋਰਸ ਸੈਗਰੀਗੇਸ਼ਨ ਅਤੇ 99 ਫ਼ੀਸਦੀ ਕੂੜੇ ਨੂੰ ਪ੍ਰੋਸੈੱਸ ਕੀਤਾ ਜਾ ਰਿਹਾ ਹੈ | ਇਸ ਦੌਰਾਨ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪਿ੍ੰਸ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਤਾਂ ਸ਼ੁਰੂਆਤ ਹੈ, ਨਗਰ ਕੌਂਸਲ ਗੋਬਿੰਦਗੜ੍ਹ ਆਉਣ ਵਾਲੇ ਸਾਲਾਂ ਵਿਚ ਹੋਰ ਉਚੇਰੇ ਮੁਕਾਮ ਹਾਸਿਲ ਕਰੇਗੀ | ਉਨ੍ਹਾਂ ਸਮੁੱਚੇ ਸ਼ਹਿਰ ਵਾਸੀਆਂ, ਸੈਨੀਟੇਸ਼ਨ ਅਤੇ ਸੀਵਰੇਜ ਵਿਭਾਗ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਸ ਖ਼ਿਤਾਬ ਲਈ ਮੁਬਾਰਕਬਾਦ ਦਿੱਤੀ | ਇਸ ਮੌਕੇ ਕਾਰਜ ਸਾਧਕ ਅਫ਼ਸਰ ਚੇਤਨ ਸ਼ਰਮਾ ਅਤੇ ਸੈਨੀਟੇਸ਼ਨ ਵਿਭਾਗ ਦੇ ਸੁਪਰਡੈਂਟ ਨੇ ਸ਼ਹਿਰਵਾਸੀਆਂ ਦਾ ਸਫਾਈ ਪ੍ਰਬੰਧਾਂ ਵਿਚ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ |