ਅਮਲੋਹ, 18 ਜੁਲਾਈ (ਕੇਵਲ ਸਿੰਘ)-ਅਮਲੋਹ ਥਾਣੇ ਅਧੀਨ ਆਉਂਦੀ ਬੁੱਗਾ ਪੁਲਿਸ ਚੌਂਕੀ ਦੇ ਇੰਚਾਰਜ ਤਰਨਜੀਤ ਸਿੰਘ ਨੂੰ ਡਿਊਟੀ ਇਮਾਨਦਾਰੀ, ਕਾਨੂੰਨ-ਵਿਵਸਥਾ ਨੂੰ ਬਣਾਏ ਰੱਖਣ ਵਿਚ ਸ਼ਾਨਦਾਰ ਕੰਮ ਕਰਨ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਕੀਤੀਆਂ ਗਈਆਂ ਕਾਰਵਾਈਆਂ ਬਦਲੇ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਵਲੋਂ ਡੀ.ਜੀ.ਪੀ. ਡਿਸਕ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅਮਲੋਹ ਦੇ ਡੀ.ਐਸ.ਪੀ. ਗੁਰਦੀਪ ਸਿੰਘ ਵੀ ਮੌਜੂਦ ਸਨ | ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਅਗਰਵਾਲ ਨੇ ਇਹ ਸਨਮਾਨ ਦਿੰਦਿਆਂ ਕਿਹਾ ਕਿ ਇਹ ਅਧਿਕਾਰੀ ਸੱਚਮੁੱਚ ਵਧਾਈ ਦੇ ਹੱਕਦਾਰ ਹਨ | ਇਨ੍ਹਾਂ ਨੇ ਨਿਰੰਤਰ ਮਿਹਨਤ ਕਰਕੇ ਨਾ ਸਿਰਫ਼ ਅਪਰਾਧਾਂ 'ਤੇ ਕਾਬੂ ਪਾਇਆ, ਸਗੋਂ ਲੋਕਾਂ ਦੇ ਮਨ ਵਿਚ ਪੁਲਿਸ ਪ੍ਰਤੀ ਭਰੋਸਾ ਵੀ ਵਧਾਇਆ ਉੱਥੇ ਹੀ ਨਸ਼ਾ ਤਸਕਰਾਂ ਖ਼ਿਲਾਫ਼ ਵੀ ਕਾਰਵਾਈਆਂ ਕੀਤੀਆਂ ਗਈਆਂ | ਇਸ ਮੌਕੇ ਉਨ੍ਹਾਂ ਨੇ ਉਮੀਦ ਜਤਾਈ ਕਿ ਹੋਰ ਅਧਿਕਾਰੀ ਵੀ ਇਨ੍ਹਾਂ ਤੋਂ ਪੇ੍ਰਰਨਾ ਲੈ ਕੇ ਆਪਣੀ ਸੇਵਾ ਨੂੰ ਨਿਖਾਰਨਗੇ ਅਤੇ ਪੁਲਿਸ ਵਿਭਾਗ ਦੀ ਇੱਜ਼ਤ ਨੂੰ ਹੋਰ ਉਚਾਈ ਤੱਕ ਲੈ ਕੇ ਜਾਣਗੇ | ਇਸ ਮੌਕੇ ਚੌਂਕੀ ਇੰਚਾਰਜ ਤਰਨਜੀਤ ਸਿੰਘ, ਡੀ.ਐੱਸ.ਪੀ. ਗੁਰਦੀਪ ਸਿੰਘ ਅਤੇ ਥਾਣਾ ਅਮਲੋਹ ਦੇ ਮੁਖੀ ਬਲਜਿੰਦਰ ਸਿੰਘ ਵਲੋਂ ਵਧਾਈ ਦਿੱਤੀ ਗਈ | ਚੌਂਕੀ ਇੰਚਾਰਜ ਤਰਨਜੀਤ ਸਿੰਘ ਨੇ ਕਿਹਾ ਕਿ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਬਦਲੇ ਮਿਲੇ ਸਨਮਾਨ ਨਾਲ ਮਨ ਨੂੰ ਬਹੁਤ ਜ਼ਿਆਦਾ ਸਕੂਨ ਮਿਲਿਆ ਹੈ ਅਤੇ ਉਹ ਆਉਣ ਵਾਲੇ ਸਮੇਂ ਵਿਚ ਵੀ ਆਪਣੀ ਡਿਊਟੀ ਨੂੰ ਇਸੇ ਤਰ੍ਹਾਂ ਇਮਾਨਦਾਰੀ ਨਾਲ ਕਰਦੇ ਰਹਿਣਗੇ |