ਫ਼ਤਹਿਗੜ੍ਹ ਸਾਹਿਬ, 18 ਜੁਲਾਈ (ਰਵਿੰਦਰ ਮੌਦਗਿਲ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੀ ਤਿਮਾਹੀ ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਅਰੁਣ ਗੁਪਤਾ ਨੇ ਕੀਤੀ | ਉਨ੍ਹਾਂ ਕਿਹਾ ਕਿ ਅਗਾਮੀ 13 ਸਤੰਬਰ ਨੂੰ ਜ਼ਿਲ੍ਹਾ ਕਚਹਿਰੀਆਂ ਫ਼ਤਹਿਗੜ੍ਹ ਸਾਹਿਬ, ਸਬ ਡਵੀਜ਼ਨ ਅਮਲੋਹ ਅਤੇ ਖਮਾਣੋਂ ਦੀਆਂ ਅਦਾਲਤਾਂ ਵਿਖੇ ਲਗਾਈ ਜਾਣ ਵਾਲੀ ਕੌਮੀ ਲੋਕ ਅਦਾਲਤ ਦਾ ਵੱਧ ਤੋਂ ਵੱਧ ਲੋੜਵੰਦਾਂ ਨੂੰ ਲਾਭ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ ਅਤੇ ਇਸ ਦੀ ਸਫਲਤਾ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਾਰੇ ਮੈਂਬਰ ਵਧ-ਚੜ੍ਹ ਕੇ ਸਹਿਯੋਗ ਦੇਣ | ਉਨ੍ਹਾਂ ਕਿਹਾ ਕਿ ਇਸ ਕੌਮੀ ਲੋਕ ਅਦਾਲਤ ਵਿਚ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਕਰਵਾਉਣ ਲਈ ਸਮਝੌਤਾ ਯੋਗ ਸਾਰੇ ਫ਼ੌਜਦਾਰੀ ਅਤੇ ਸਿਵਲ ਕੇਸ, ਜੋ ਕਿ ਲੰਮੇ ਸਮੇਂ ਤੋਂ ਅਦਾਲਤਾਂ ਵਿਚ ਲੰਬਿਤ ਪਏ ਹੋਣ, ਨੂੰ ਇਨ੍ਹਾਂ ਲੋਕ ਅਦਾਲਤਾਂ ਵਿਚ ਰੱਖਿਆ ਜਾਵੇ | ਇਸ ਤੋਂ ਇਲਾਵਾ ਵਿਆਹ ਸਬੰਧੀ ਝਗੜਿਆਂ ਦੇ ਕੇਸ, ਪਰਿਵਾਰਕ ਝਗੜਿਆਂ, ਮਜ਼ਦੂਰਾਂ ਦੇ ਝਗੜੇ, ਜ਼ਮੀਨ ਅਧਿਗ੍ਰਹਿਣ, ਬੈਂਕ ਰਿਕਵਰੀ, ਚੈੱਕ ਬਾਊਾਸ, ਮਾਲ ਵਿਭਾਗ ਨਾਲ ਸਬੰਧਿਤ ਮਾਮਲੇ, ਜਲ ਸਪਲਾਈ ਤੇ ਬਿਜਲੀ ਸਪਲਾਈ ਸਬੰਧੀ ਮਾਮਲੇ ਵੀ ਇਸ ਲੋਕ ਅਦਾਲਤ ਵਿਚ ਲਗਾਏ ਜਾਣ | ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਆਦਮ ਪਤਾ ਤੇ ਅਖਰਾਜ ਰਿਪੋਰਟ ਕੋਰਟਾਂ ਵਿਚ ਸਮੇਂ ਸਿਰ ਪੇਸ਼ ਕੀਤੇ ਜਾਣ ਦੀ ਹਦਾਇਤ ਵੀ ਕੀਤੀ | ਉਨ੍ਹਾਂ ਕਿਹਾ ਕਿ ਜੋ ਝਗੜੇ ਪਹਿਲਾਂ ਅਦਾਲਤ ਵਿਚ ਨਾ ਚੱਲਦੇ ਹੋਣ, ਉਹ ਮਾਮਲੇ ਵੀ ਨੈਸ਼ਨਲ ਲੋਕ ਅਦਾਲਤ ਵਿਚ ਦਰਖਾਸਤ ਦੇ ਕੇ ਰਾਜ਼ੀਨਾਮੇ ਲਈ ਰੱਖੇ ਜਾ ਸਕਦੇ ਹਨ | ਇਸ ਅਦਾਲਤ ਵਿਚ ਲੱਗੇ ਕੇਸਾਂ ਦੀ ਕੋਰਟ ਫ਼ੀਸ ਵੀ ਵਾਪਿਸ ਕਰ ਦਿੱਤੀ ਜਾਂਦੀ ਹੈ | ਮੀਟਿੰਗ ਵਿਚ ਪਿਛਲੀ ਤਿਮਾਹੀ ਦੌਰਾਨ 116 ਲੋੜਵੰਦ ਲਾਭਪਾਤਰੀਆਂ ਨੂੰ ਦਿੱਤੀ ਗਈ ਮੁਫ਼ਤ ਕਾਨੂੰਨੀ ਸਹਾਇਤਾ ਦੇ ਕੇਸ ਵੀ ਪਾਸ ਕੀਤੇ ਗਏ | ਚੇਅਰਮੈਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਬਲਾਕ ਪੱਧਰ 'ਤੇ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਲੋਕਾਂ ਵਿਚ ਜਾਗਰੂਕਤਾ ਪੈਦਾ ਕੀਤੀ ਜਾਵੇ | ਉਨ੍ਹਾਂ ਦੱਸਿਆ ਕਿ ਅੱਗੇ ਤੋਂ ਹਿੱਟ ਐਂਡ ਰਨ ਕੇਸਾਂ ਵਿਚ ਮੁਆਵਜ਼ਾ ਜ਼ਿਲ੍ਹਾ ਪੱਧਰੀ ਮੋਨੀਟਰਿੰਗ ਕਮੇਟੀ ਪ੍ਰਦਾਨ ਕਰੇਗੀ | ਇਸ ਮੀਟਿੰਗ ਵਿਚ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਡਾ. ਸੋਨੀਆ ਕਿਨਰਾ, ਐੱਸ.ਡੀ.ਐਮ ਅਰਵਿੰਦ ਕੁਮਾਰ, ਐੱਸ.ਪੀ ਰਾਕੇਸ਼ ਯਾਦਵ, ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਅਸ਼ੋਕ ਕੁਮਾਰ ਚੌਹਾਨ, ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਮਮਤਾ ਕੱਕੜ, ਜ਼ਿਲ੍ਹਾ ਅਟਾਰਨੀ ਕੁਲਵਿੰਦਰ ਸਿੰਘ, ਡੀ.ਪੀ.ਆਰ.ਓ ਅਮਨਦੀਪ ਸਿੰਘ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗਗਨਦੀਪ ਸਿੰਘ ਵਿਰਕ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਮੈਂਬਰ ਨਮਰਤਾ ਸ਼ਰਮਾ ਅਤੇ ਡਾ.ਹਿਤੇਂਦਰ ਸੂਰੀ ਵੀ ਸ਼ਾਮਿਲ ਹੋਏ |