ਫ਼ਤਹਿਗੜ੍ਹ ਸਾਹਿਬ, 17 ਜੁਲਾਈ (ਰਵਿੰਦਰ ਮੌਦਗਿਲ)-ਬਾਰ ਐਸੋਸੀਏਸ਼ਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਵਕੀਲ ਅਮਰਦੀਪ ਸਿੰਘ ਧਾਰਨੀ ਨੇ ਸੜਕ ਹਾਦਸੇ 'ਚ ਸਿੱਖ ਸੁਪਰਮੈਨ ਦੇ ਨਾਂਅ ਨਾਲ ਜਾਣੇ ਜਾਂਦੇ ਬਜ਼ੁਰਗ ਦੌੜਾਕ ਫੌਜਾ ਸਿੰਘ ਦੀ ਹੋਈ ਮੌਤ 'ਤੇ ਦੁੱਖ ਜਤਾਉਂਦੇ ਹੋਏ ਇਸ ਮਾਮਲੇ ਵਿਚ ਪੁਲਿਸ ਵਲੋਂ ਭਾਰਤੀ ਨਿਆਂ ਸੰਹਿਤਾ ਦੀਆਂ ਲਗਾਈਆਂ ਧਾਰਾਵਾਂ ਨੂੰ ਲੈ ਕੇ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ | ਐਡਵੋਕੇਟ ਧਾਰਨੀ ਨੇ ਕਿਹਾ ਕਿ ਕਾਨੂੰਨ ਵਿਚ ਭਾਵਨਾਵਾਂ ਦਾ ਕੋਈ ਸਥਾਨ ਨਹੀਂ, ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਮਾਮਲੇ ਵਿਚ ਪੁਲਿਸ ਨੇ ਭਾਵਨਾਤਮਕ ਨਜ਼ਰੀਆ ਅਪਣਾਉਂਦੇ ਹੋਏ ਧਾਰਾ 105 ਬੀ.ਐਨ.ਐਸ ਲਗਾਈ ਹੈ, ਜਦਕਿ ਇਸੇ ਕਾਨੂੰਨ ਦੀ ਧਾਰਾ 106 ਦਾ ਸੈਕਸ਼ਨ-1 ਜਾਂ 2 ਲਗਾਇਆ ਜਾਣਾ ਚਾਹੀਦਾ ਸੀ | ਇਨ੍ਹਾਂ ਧਾਰਾਵਾਂ ਤਹਿਤ ਹਾਦਸੇ ਨੂੰ ਅੰਜਾਮ ਦੇਣ ਵਾਲੇ ਲਈ ਜ਼ਮਾਨਤ ਦਾ ਪ੍ਰਵਧਾਨ ਵੀ ਨਹੀਂ ਹੈ ਅਤੇ 10 ਸਾਲ ਦੀ ਸਜ਼ਾ ਨਾਲ ਜੁਰਮਾਨਾ ਵੀ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਹਾਦਸੇ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਪੁਲਿਸ ਨੂੰ ਘਟਨਾ ਸਬੰਧੀ ਸੂਚਿਤ ਕਰ ਦਿੰਦਾ ਹੈ ਅਤੇ ਜ਼ਖ਼ਮੀ ਦੀ ਸਹਾਇਤਾ ਕਰਦਾ ਹੈ, ਤਾਂ ਉਸ ਦੇ ਲਈ ਸਜ਼ਾ ਘੱਟ ਹੋ ਸਕਦੀ ਹੈ | ਉਨ੍ਹਾਂ ਪੁਲਿਸ ਨੂੰ ਸਵਾਲ ਕੀਤਾ ਕਿ ਜੇਕਰ ਰੇਹੜੀ ਅੱਗੇ ਮੋਟਰਸਾਈਕਲ ਲਾਉਣ ਵਾਲੇ ਵਿਅਕਤੀ ਤੋਂ ਹਾਦਸਾ ਹੁੰਦਾ ਤਾਂ ਉਸ ਦੇ ਲਈ ਕਿਹੜੀ ਧਾਰਾ ਲੱਗਦੀ | ਉਨ੍ਹਾਂ ਕਿਹਾ ਕਿ ਸੜਕ 'ਤੇ ਦੌੜ ਰਹੇ 80 ਫ਼ੀਸਦੀ ਵਾਹਨਾਂ ਕੋਲ ਬੀਮਾ ਪਾਲਿਸੀ ਨਹੀਂ ਅਤੇ ਉਨ੍ਹਾਂ ਵਿਚ ਬਹੁਤ ਸਾਰੇ 10 ਤੇ 15 ਸਾਲ ਦੀ ਮਰਿਆਦ ਪੂਰੀ ਕਰ ਚੁੱਕੇ ਹਨ | ਉਨ੍ਹਾਂ ਦਾਅਵਾ ਕੀਤਾ ਕਿ ਅਜਿਹੇ ਵਾਹਨਾਂ 'ਤੇ ਸ਼ਿਕੰਜਾ ਕਿਉਂ ਨਹੀਂ ਕੱਸਿਆ ਜਾ ਰਿਹਾ? ਉਨ੍ਹਾਂ ਇਸ ਮਾਮਲੇ ਵਿਚ ਸਰਕਾਰ ਤੇ ਪੁਲਿਸ ਨੂੰ ਧਿਆਨ ਦੇਣ ਦੀ ਮੰਗ ਵੀ ਕੀਤੀ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਤੋਂ ਗ਼ਲਤੀ ਨਾਲ ਇਸ ਤਰ੍ਹਾਂ ਦੀ ਕੋਈ ਘਟਨਾ ਹੋ ਜਾਂਦੀ ਹੈ, ਤਾਂ ਉਹ ਮਾਨਵਤਾ ਦੇ ਆਧਾਰ 'ਤੇ ਜ਼ਖ਼ਮੀ ਦੀ ਮਦਦ ਕਰਨ ਦੇ ਨਾਲ-ਨਾਲ ਪੁਲਿਸ ਨੂੰ ਹਾਦਸੇ ਦੀ ਸੂਚਨਾ ਜ਼ਰੂਰ ਦੇਣ, ਤਾਂ ਜੋ ਜ਼ਖ਼ਮੀ ਦੀ ਜਾਨ ਬਚਾਈ ਜਾ ਸਕੇ ਅਤੇ ਕਾਨੂੰਨ ਤੋਂ ਸਜ਼ਾ ਵਿਚ ਰਿਆਇਤ ਲਈ ਜਾ ਸਕੇ |