ਫ਼ਤਹਿਗੜ੍ਹ ਸਾਹਿਬ, 17 ਜੁਲਾਈ (ਬਲਜਿੰਦਰ ਸਿੰਘ)-ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਚੰਡੀਗੜ੍ਹ ਦੀ ਵਿਸ਼ੇਸ਼ ਮੀਟਿੰਗ ਅੱਜ ਪੈਨਸ਼ਨਰਜ਼ ਭਵਨ ਫ਼ਤਹਿਗੜ੍ਹ ਸਾਹਿਬ ਵਿਖੇ ਹੋਈ ਜਿਸ ਦੌਰਾਨ ਜ਼ੋਨ ਚੰਡੀਗੜ੍ਹ ਦੇ ਮੁਖੀ ਅਜੀਤ ਪ੍ਰਦੇਸੀ, ਗੁਰਮੀਤ ਮੀਡੀਆ ਮੁਖੀ, ਸੰਦੀਪ ਸਿੰਘ ਬਸੀ ਪਠਾਣਾਂ, ਸੈਲਿੰਦਰ ਸੋਹਾਲੀ ਨੇ ਕਿਹਾ ਕਿ ਭਾਰਤ ਦੇਸ਼ ਵੱਖ-ਵੱਖ ਧਰਮਾਂ, ਜਾਤਾਂ, ਨਸਲਾਂ, ਫ਼ਿਰਕਿਆਂ ਦੇ ਲੋਕਾਂ ਦਾ ਇਕ ਖ਼ੂਬਸੂਰਤ ਦੇਸ਼ ਹੈ, ਪਰ ਪਿਛਲੇ ਕੁਝ ਸਾਲਾਂ ਤੋਂ ਵੋਟ ਰਾਜਨੀਤੀ ਤਹਿਤ ਕੁਝ ਫ਼ਿਰਕਾਪ੍ਰਸਤ ਤਾਕਤਾਂ ਲੋਕ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਵਿਚ ਲੱਗੀਆਂ ਹੋਈਆਂ ਹਨ | ਜਿਸ ਕਾਰਨ ਆਪਸੀ ਭਾਈਚਾਰਕ ਸਾਂਝ ਵਿਚ ਵੀ ਤਰੇੜਾਂ ਪੈਂਦੀਆਂ ਹਨ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਕੁਝ ਫ਼ਿਰਕੂ ਤਾਕਤਾਂ ਸੰਵਿਧਾਨ ਦੇ ਮੂਲ ਸਰੂਪ ਨੂੰ ਬਦਲਣ ਦੀ ਮੰਗ ਕਰ ਰਹੀਆਂ ਹਨ | ਜਿਸ ਦੀ ਤਰਕਸ਼ੀਲ ਸੁਸਾਇਟੀ ਪੰਜਾਬ ਪੁਰਜ਼ੋਰ ਨਿਖੇਧੀ ਕਰਦੀ ਹੈ | ਮੀਟਿੰਗ ਵਿਚ ਸ਼ਾਮਿਲ ਜ਼ੋਨ ਦੀਆਂ 8 ਇਕਾਈਆਂ ਦੇ ਜਥੇਬੰਦਕ ਮੁਖੀਆਂ, ਸਰਹਿੰਦ ਤੋਂ ਮਾਸਟਰ ਹਰਜੀਤ ਸਿੰਘ, ਬਸੀ ਤੋਂ ਮੈਨੇਜਰ ਹਰਨੇਕ ਸਿੰਘ, ਗੋਬਿੰਦਗੜ੍ਹ ਤੋਂ ਸ਼ਮਸ਼ੇਰ ਮਲਿਕ, ਨੰਗਲ ਤੋਂ ਹਰਨੇਕ ਸਿੰਘ, ਰੋਪੜ ਤੋਂ ਅਸ਼ੋਕ ਕੁਮਾਰ, ਖਰੜ ਤੋਂ ਕੁਲਵਿੰਦਰ ਨਗਾਰੀ, ਮੋਹਾਲੀ ਲੈਕਚਰਾਰ ਸੁਰਜੀਤ ਸਿੰਘ, ਚੰਡੀਗੜ੍ਹ ਤੋਂ ਅਵਤਾਰ ਕਜਹੇੜੀ ਨੇ ਕਿਹਾ ਕਿ ਅਸੀਂ ਸੰਵਿਧਾਨ 'ਚੋਂ ਧਰਮ ਨਿਰਪੱਖ ਅਤੇ ਸਮਾਜਵਾਦ ਸ਼ਬਦ ਕੱਢਣ ਦੀ ਕੋਸ਼ਿਸ਼ ਦਾ ਹਰ ਖੇਤਰ ਵਿਚ ਵਿਰੋਧ ਕਰਾਂਗੇ | ਇਸ ਮੌਕੇ ਮੀਡੀਆ ਟੀਮ ਮੈਂਬਰ ਬਲਦੇਵ ਜਲਾਲ, ਹਰਚੰਦ ਸਿੰਘ ਸਰਹਿੰਦ, ਕਰਨੈਲ ਸਿੰਘ ਬਸੀ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਸੰਵਿਧਾਨ ਦੀ ਧਾਰਾ 51 ਅਧੀਨ ਲੋਕਾਂ ਵਿਚ ਵਿਗਿਆਨਕ ਸੋਚ ਦਾ ਪ੍ਰਸਾਰ ਕਰਨ ਲਈ ਵੱਧ ਤੋਂ ਵੱਧ ਉਪਰਾਲੇ ਕਰਨੇ ਚਾਹੀਦੇ ਹਨ | ਮੀਟਿੰਗ ਵਿਚ ਮੈਂਬਰਾਂ ਦੇ ਬੌਧਿਕ ਵਿਕਾਸ ਲਈ ਰਾਜਪਾਲ ਦੀ ਸੰਪਾਦਿਤ ਕੀਤੀ ਹੋਈ 'ਪੁਸਤਕ ਮਿੱਟੀ ਤੋਂ ਮਨੁੱਖ' ਤੱਕ ਲੈਕਚਰਾਰ ਮੇਹਰ ਸਿੰਘ ਬਸੀ ਨੇ ਪੇਪਰ ਪੜਿ੍ਹਆ | ਇਸ ਚਰਚਾ 'ਚ ਮਨਦੀਪ ਮਾਜਰੀ, ਚਰਨ ਸਿੰਘ ਸੇਖੋਂ, ਐਡਵੋਕੇਟ ਕਮਲਜੀਤ ਮੱਟੂ, ਮਾਸਟਰ ਜਰਨੈਲ ਸਿੰਘ ਭਟਨਾਗਰ, ਪਰਮਿੰਦਰ ਤਰਖਾਣ ਮਾਜਰਾ ਨੇ ਵੀ ਹਿੱਸਾ ਲਿਆ ਅਤੇ ਉਨ੍ਹਾਂ ਕਿਹਾ ਕਿ ਇਹ ਪੁਸਤਕ ਮਨੁੱਖੀ ਵਿਕਾਸ ਨਾਲ ਸਬੰਧਿਤ ਬਹੁਤ ਸਾਰੇ ਭਰਮ ਭੁਲੇਖੇ ਦੂਰ ਕਰਦੀ ਹੈ |