ਮੰਡੀ ਗੋਬਿੰਦਗੜ੍ਹ, 16 ਜੁਲਾਈ (ਇਕਬਾਲਦੀਪ ਸੰਧੂ)-ਸੀ.ਬੀ.ਐੱਸ.ਈ. ਵਲੋਂ ਬੱਚਿਆਂ ਦੀ ਸਿਹਤ ਸੁਰੱਖਿਆ ਲਈ ਚੀਨੀ ਦੀ ਖਪਤ ਘੱਟ ਕਰਨ ਪ੍ਰਤੀ ਜਾਗਰੂਕ ਕਰਨ ਲਈ ਚਲਾਈ ਗਈ ਮੁਹਿੰਮ ਅਧੀਨ ਗੋਬਿੰਦਗੜ੍ਹ ਪਬਲਿਕ ਸਕੂਲ ਵਿਚ ਬੱਚਿਆਂ ਵਿਚ ਵਧ ਰਹੀ ਚੀਨੀ ਦੀ ਖਪਤ ਦੇ ਨੁਕਸਾਨਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਇਕ ਵਿਸ਼ੇਸ਼ ਸਵੇਰ ਦੀ ਸਭਾ ਕਰਵਾਈ ਗਈ | ਇਸ ਮੌਕੇ ਵਿਦਿਆਰਥੀਆਂ ਵਲੋਂ 'ਚੀਨੀ ਘਟਾਓ-ਸਿਹਤ ਵਧਾਓ' ਵਿਸ਼ੇ 'ਤੇ ਇਕ ਜਾਗਰੂਕਤਾ ਨਾਟਕ ਪੇਸ਼ ਕੀਤਾ ਗਿਆ | ਸਭਾ ਦੌਰਾਨ ਵਿਦਿਆਰਥੀਆਂ ਨੇ ਚੀਨੀ ਦੇ ਨੁਕਸਾਨ, ਸਿਹਤਮੰਦ ਵਿਕਲਪਾਂ ਅਤੇ ਚੀਨੀ ਵਾਲੀਆਂ ਖ਼ੁਰਾਕਾਂ ਦੇ ਖ਼ਤਰੇ ਬਾਰੇ ਵੀ ਭਾਸ਼ਣ ਦਿੱਤੇ | ਇਸ ਦੇ ਨਾਲ-ਨਾਲ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਹੋਏ ਜਾਗਰੂਕਤਾ ਪੋਸਟਰ ਵੀ ਸਕੂਲ ਦੇ ਵੱਖ-ਵੱਖ ਸਥਾਨਾਂ 'ਤੇ ਲਗਾਏ ਗਏ | ਸਕੂਲ ਪਿ੍ੰਸੀਪਲ ਡਾ.ਨੀਰੂ ਅਰੋੜਾ ਨੇ ਵਿਦਿਆਰਥੀਆਂ ਦੇ ਉਤਸ਼ਾਹ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਸਿੱਖਣ ਦੇ ਨਾਲ-ਨਾਲ ਸਿਹਤਮੰਦ ਜੀਵਨ ਸ਼ੈਲੀ ਵੱਲ ਪ੍ਰੇਰਿਤ ਕਰਦੀਆਂ ਹਨ | ਸਾਨੂੰ ਚੀਨੀ ਦੇ ਨਾਲ-ਨਾਲ ਉਨ੍ਹਾਂ ਖਾਣ-ਪੀਣ ਦੀਆਂ ਵਸਤਾਂ ਤੋਂ ਵੀ ਬਚਣਾ ਚਾਹੀਦਾ ਹੈ ਜੋ 'ਐਂਪਟੀ ਕੈਲੋਰੀਜ਼' ਨਾਲ ਭਰੀਆਂ ਹੁੰਦੀਆਂ ਹਨ ਅਤੇ ਜਿਨ੍ਹਾਂ ਵਿਚ ਖਜੂਰ ਤੋਂ ਤਿਆਰ ਕੀਤਾ ਜਾਂਦਾ ਤੇਲ ਵਰਤਿਆ ਜਾਂਦਾ ਹੈ, ਜੋ ਕਿ ਸਿਹਤ ਲਈ ਨੁਕਸਾਨਦਾਇਕ ਹੈ | ਉਨ੍ਹਾਂ ਦੱਸਿਆ ਕਿ ਐਂਪਟੀ ਕੈਲੋਰੀਜ਼, ਅਜਿਹੀ ਖ਼ੁਰਾਕ ਜਾਂ ਪੀਣ ਵਾਲੀਆਂ ਚੀਜ਼ਾਂ ਹੁੰਦੀਆਂ ਹਨ, ਜੋ ਸਰੀਰ ਨੂੰ ਸਿਰਫ਼ ਕੈਲੋਰੀਜ਼ ਦਿੰਦੀਆਂ ਹਨ ਪਰ ਪੌਸ਼ਟਿਕ ਤੱਤ ਜਿਵੇਂ ਕਿ ਵਿਟਾਮਿਨ, ਮਿਨਰਲ, ਫਾਈਬਰ ਜਾਂ ਪ੍ਰੋਟੀਨ ਨਹੀਂ ਦਿੰਦੀਆਂ | ਇਸ ਦੇ ਬਦਲੇ ਸਾਨੂੰ ਆਪਣੇ ਭੋਜਨ ਵਿਚ ਅਜਿਹੀਆਂ ਚੀਜ਼ਾਂ ਸ਼ਾਮਿਲ ਕਰਨੀਆਂ ਚਾਹੀਦੀਆਂ ਹਨ ਜੋ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਣ ਜਿਵੇਂ ਕਿ ਤਾਜ਼ਾ ਫ਼ਲ, ਹਰੀਆਂ ਸਬਜ਼ੀਆਂ, ਸੁੱਕੇ ਮੇਵੇ ਅਤੇ ਦਾਲਾਂ ਆਦਿ |