ਅਮਲੋਹ, 16 ਜੁਲਾਈ (ਕੇਵਲ ਸਿੰਘ)-ਨਗਰ ਕੌਂਸਲ ਅਮਲੋਹ ਦੇ ਕਾਰਜਕਾਰੀ ਪ੍ਰਧਾਨ ਵਿੱਕੀ ਮਿੱਤਲ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਆਮ ਲੋਕਾਂ ਨੂੰ ਰਾਹਤ ਦੇਣ ਲਈ ਇਕ ਵੱਡੀ ਪਾਲਿਸੀ ਲਾਗੂ ਕੀਤੀ ਗਈ ਹੈ | ਇਸ ਦੇ ਤਹਿਤ ਜਿਹੜੇ ਲੋਕਾਂ ਦੇ ਪ੍ਰਾਪਰਟੀ ਜਾਂ ਹਾਊਸ ਟੈਕਸ ਦੇ ਪੁਰਾਣੇ ਬਕਾਇਆ ਖੜ੍ਹੇ ਹਨ, ਨੂੰ ਇਕਮੁਸ਼ਤ ਅਦਾਇਗੀ ਕਰਕੇ ਵਿਆਜ 18 ਫ਼ੀਸਦੀ, ਜੁਰਮਾਨਾ 20 ਫ਼ੀਸਦੀ ਤੇ 100 ਫ਼ੀਸਦੀ ਛੋਟ ਦਿੱਤੀ ਜਾਵੇਗੀ | ਇਹ ਵਨ ਟਾਈਮ ਸੈਟਲਮੈਂਟ ਸਕੀਮ 31 ਜੁਲਾਈ 2025 ਤੱਕ ਜਾਰੀ ਰਹੇਗੀ | ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣਾ ਬਣਦਾ ਟੈਕਸ ਜਲਦ ਨਗਰ ਕੌਂਸਲ ਅਮਲੋਹ ਦੇ ਦਫ਼ਤਰ ਵਿਚ ਜਮ੍ਹਾ ਕਰਵਾਇਆ ਜਾਵੇ ਤਾਂ ਜੋ ਉਹ ਇਸ ਸਕੀਮ ਦੇ ਰਾਹੀਂ ਵਿਆਜ ਅਤੇ ਜੁਰਮਾਨੇ ਤੋਂ ਬਚ ਸਕਣ | ਵਿੱਕੀ ਮਿੱਤਲ ਨੇ ਚੇਤਾਵਨੀ ਵੀ ਦਿੱਤੀ ਕਿ ਨਿਸ਼ਚਿਤ ਮਿਤੀ ਤੋਂ ਬਾਅਦ ਬਕਾਇਆ ਰਾਸ਼ੀ 'ਤੇ ਵਿਆਜ ਅਤੇ ਜੁਰਮਾਨਾ ਮੁੜ ਲਾਗੂ ਕਰ ਦਿੱਤਾ ਜਾਵੇਗਾ | ਇਸ ਮੌਕੇ ਸੈਨੇਟਰੀ ਇੰਸਪੈਕਟਰ ਹੁਸਨ ਲਾਲ, ਕਲਰਕ ਰਾਜੇਸ਼ ਕੁਮਾਰ, ਸੰਦੀਪ ਕੁਮਾਰ, ਮੱਖਣ ਸਿੰਘ, ਭੁਪਿੰਦਰ ਸਿੰਘ ਅਤੇ ਦੀਪਕ ਕੁਮਾਰ ਵੀ ਮੌਜੂਦ ਸਨ |