ਫ਼ਤਹਿਗੜ੍ਹ ਸਾਹਿਬ, 16 ਜੁਲਾਈ (ਰਾਜਿੰਦਰ ਸਿੰਘ)-ਮੇਰਾ ਯੁਵਾ ਭਾਰਤ (ਨਹਿਰੂ ਯੁਵਾ ਕੇਂਦਰ) ਫ਼ਤਹਿਗੜ੍ਹ ਸਾਹਿਬ ਵਲੋਂ ਸਟੇਟ ਬੈਂਕ ਆਫ਼ ਇੰਡੀਆ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ ਵਿਖੇ ਵਿਸ਼ਵ ਯੁਵਾ ਹੁਨਰ ਦਿਵਸ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ ਵਿਚ ਐਸ.ਬੀ.ਆਈ ਆਰਸੇਟੀ ਵਲੋਂ ਰੁਪਿੰਦਰ ਕੌਰ ਗਰੇਵਾਲ, ਨਿਰਮਲ ਸਿੰਘ ਅਤੇ ਕੁਲਵਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਸਰਬਜੀਤ ਕੌਰ ਫੈਕਲਟੀ ਐਸ.ਬੀ.ਆਈ. ਆਰਸੇਟੀ ਨੇ ਨੌਜਵਾਨਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਸਾਨੂੰ ਪੜ੍ਹਾਈ ਦੇ ਨਾਲ-ਨਾਲ ਆਪਣੇ ਹੁਨਰ ਨੂੰ ਬੜ੍ਹਾਵਾ ਦੇਣ ਲਈ ਕੰਮ ਕਰਨ ਦੀ ਜ਼ਰੂਰਤ ਹੈ | ਮਹਿਮਾਨ ਰੁਪਿੰਦਰ ਕੌਰ ਗਰੇਵਾਲ ਨੇ ਨੌਜਵਾਨਾਂ ਨਾਲ ਜੂਟ ਬੈਗ ਸੰਬੰਧਿਤ ਕੀਤੇ ਗਏ ਕੰਮ ਬਾਰੇ ਆਪਣਾ ਅਨੁਭਵ ਸਾਂਝਾ ਕੀਤਾ | ਮਹਿਮਾਨ ਵਜੋਂ ਮੌਜੂਦ ਨਿਰਮਲ ਸਿੰਘ ਨੇ ਦੱਸਿਆ ਕਿ ਕਿਵੇਂ ਐਸ.ਬੀ.ਆਈ ਆਰਸੇਟੀ ਤੋਂ ਮੁਫ਼ਤ ਸਿਖਲਾਈ ਹਾਸਿਲ ਕਰਕੇ ਆਪਣਾ ਸਵੈ-ਰੁਜ਼ਗਾਰ ਸ਼ੁਰੂ ਕੀਤਾ ਤੇ ਉਸ ਨੇ ਸੰਬੰਧਿਤ ਨੌਜਵਾਨਾਂ ਨੂੰ ਜਾਣਕਾਰੀ ਦਿੱਤੀ | ਫੈਕਲਟੀ ਕੁਲਵਿੰਦਰ ਕੌਰ ਨੇ ਨੌਜਵਾਨਾਂ ਨੂੰ ਐਸ.ਬੀ.ਆਈ ਆਰਸੇਟੀ ਵਲੋਂ ਚਲਾਏ ਜਾ ਰਹੇ ਵੱਖ-ਵੱਖ ਸਵੈ-ਰੋਜ਼ਗਾਰ ਦੇ ਕੋਰਸਾਂ ਬਾਰੇ ਜਾਣਕਾਰੀ ਨੂੰ ਵੱਧ ਤੋਂ ਵੱਧ ਨੌਜਵਾਨਾਂ ਵਿਚ ਪਹੁੰਚਾਉਣ ਦੀ ਬੇਨਤੀ ਕੀਤੀ | ਮਹਿਮਾਨਾਂ ਤੇ ਨੌਜਵਾਨਾਂ ਦਾ ਧੰਨਵਾਦ ਕਰਦੇ ਹੋਏ ਜੀਵਨ ਰੇਖਰਾਉ ਨੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਐੱਸ.ਬੀ.ਆਈ ਆਰਸੇਟੀ ਦੇ ਕੋਰਸਾਂ ਬਾਰੇ ਨੌਜਵਾਨਾਂ ਨੂੰ ਦੱਸਣਾ ਚਾਹੀਦਾ ਹੈ ਤਾਂ ਜੋ ਸਰਕਾਰ ਵਲੋਂ ਚੱਲ ਰਹੇ ਕੋਰਸਾਂ ਦਾ ਵੱਧ ਤੋਂ ਵੱਧ ਲਾਭ ਲੈ ਕੇ ਨੌਜਵਾਨ ਸਵੈ-ਰੁਜ਼ਗਾਰ ਸ਼ੁਰੂ ਕਰ ਸਕਣ | ਇਸ ਮੌਕੇ ਜਤਿੰਦਰ ਕੁਮਾਰ ਅਕਾਊਾਟੈਂਟ, ਰਾਜਦੀਪ ਚੌਧਰੀ, ਸੁਨੀਤਾ ਰਾਣੀ, ਸੁਰਿੰਦਰ ਸਿੰਘ, ਦੀਪਾਂਸੂ ਹਾਜ਼ਰ ਰਹੇ |